ਇਸਲਾਮਾਬਾਦ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਇਕ ਮਹਿਲਾ ਡਾਕਟਰ ਦਾ ਹਿਜਾਬ ਉਤਾਰਨ ਦੀ ਕਾਰਵਾਈ ’ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਹਿਜਾਬ ਉਤਾਰਨ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਕਿ ਇਕ ਸੀਨੀਅਰ ਨੇਤਾ ਵਲੋਂ ਇਕ ਮੁਸਲਿਮ ਔਰਤ ਦਾ ਹਿਜਾਬ ਜ਼ਬਰਦਸਤੀ ਉਤਾਰਨਾ ਬਹੁਤ ਗਲਤ ਹੈ। ਭਾਰਤ ਨੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਵਧਾ ਦਿੱਤੀ ਹੈ।
ਅੰਦਰਾਬੀ ਨੇ ਦੋਸ਼ ਲਾਇਆ ਕਿ ਇਹੋ ਜਿਹੀਆਂ ਘਟਨਾਵਾਂ ਭਾਰਤ ਵਿਚ ਮੁਸਲਿਮ ਔਰਤਾਂ ਦੇ ਅਪਮਾਨ ਨੂੰ ਆਮ ਬਣਾਉਣ ਅਤੇ ਮੁਸਲਮਾਨਾਂ ਪ੍ਰਤੀ ਅਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਦਾ ਖ਼ਤਰਾ ਪੈਦਾ ਕਰਦੀਆਂ ਹਨ। ਸੋਮਵਾਰ ਬਿਹਾਰ ਵਿਚ ਆਯੂਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਸਮੇਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਮਹਿਲਾ ਡਾਕਟਰ ਨੁਸਰਤ ਤੋਂ ਉਸ ਦੇ ਹਿਜਾਬ ਬਾਰੇ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਖੁਦ ਇਸਨੂੰ ਉਤਾਰ ਦਿੱਤਾ।
ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਨਿਤੀਸ਼ ਕੁਮਾਰ ਨੂੰ ਧਮਕੀ ਦੇਣ ਵਾਲਾ ਇਕ ਵੀਡੀਓ ਜਾਰੀ ਕੀਤਾ ਹੈ। ਭੱਟੀ ਨੇ ਮੰਗ ਕੀਤੀ ਕਿ ਨਿਤੀਸ਼ ਕੁਮਾਰ ਜਨਤਕ ਤੌਰ ’ਤੇ ਮੁਆਫੀ ਮੰਗੇ, ਨਹੀਂ ਤਾਂ ਬਾਅਦ ਵਿਚ ਇਹ ਨਾ ਕਹੇ ਕਿ ਮੈਨੂੰ ਚਿਤਾਵਨੀ ਨਹੀਂ ਦਿੱਤੀ ਗਈ ਸੀ। ਪਟਨਾ ਦੇ ਸਾਈਬਰ ਪੁਲਸ ਸਟੇਸ਼ਨ ਵਿਚ ਸ਼ਹਿਜ਼ਾਦ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਹਿਜ਼ਾਦ ਭੱਟੀ ਹਾਲ ਹੀ ਵਿਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਧਮਕੀ ਦੇ ਕੇ ਸੁਰਖੀਆਂ ਵਿਚ ਆਇਆ ਸੀ। ਭੱਟੀ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕਰਦਿਆਂ ਤਿਹਾੜ ਜੇਲ ਵਿਚ ਬੰਦ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਦਿੱਲੀ ਦੀ ਇਕ ਅਦਾਲਤ ਤੋਂ ਬੁਲੇਟਪਰੂਫ ਜੈਕੇਟ ਅਤੇ ਗੱਡੀ ਦੀ ਵੀ ਮੰਗ ਕੀਤੀ ਸੀ।
ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
NEXT STORY