ਸ਼੍ਰੀਨਗਰ (ਭਾਸ਼ਾ)— ਤਿੰਨ ਸਾਲਾਂ ਵਿਚ ਪਹਿਲੀ ਵਾਰ ਆਜ਼ਾਦੀ ਦਿਹਾੜੇ ਮੌਕੇ ਜੰਮੂ-ਕਸ਼ਮੀਰ ’ਚ ਇੰਟਰਨੈੱਟ ਅਤੇ ਮੋਬਾਇਲ ਸੇਵਾ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ, ਜਿੱਥੇ ਤਣਾਅ ਮੁਕਤ ਮਾਹੌਲ ’ਚ ਜਸ਼ਨ-ਏ-ਆਜ਼ਾਦੀ ਮਨਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਜਨਰਲ ਡਾਇਰੈਕਟਰ (ਕਸ਼ਮੀਰ) ਵਿਜੇ ਕੁਮਾਰ ਨੇ ਇਕ ਟਵੀਟ ਕਰ ਕੇ ਕਿਹਾ ਕਿ ਨਾ ਤਾਂ ਇੰਟਰਨੈੱਟ ਬੰਦ ਹੈ, ਨਾ ਹੀ ਆ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਹਨ।
ਇਹ ਤਿੰਨ ਸਾਲਾਂ ਵਿਚ ਪਹਿਲੀ ਵਾਰ ਹੈ, ਜਦੋਂ ਆਜ਼ਾਦੀ ਦਿਹਾੜੇ ’ਤੇ ਕਸ਼ਮੀਰ ’ਚ ਇੰਟਰਨੈੱਟ ਅਤੇ ਮੋਬਾਇਲ ਸੇਵਾਵਾਂ ਪ੍ਰਭਾਵਿਤ ਨਹੀਂ ਹਨ। ਪਹਿਲਾਂ ਸੁਰੱਖਿਆ ਇੰਤਜ਼ਾਮਾਂ ਤਹਿਤ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ’ਤੇ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਪਹਿਲਾਂ 2018 ਵਿਚ ਰਾਜਪਾਲ ਐੱਨ. ਐੱਨ. ਵੋਹਰਾ ਨੇ ਕਾਰਜਕਾਲ ਦੌਰਾਨ ਇਹ ਸੇਵਾਵਾਂ ਬੰਦ ਨਹੀਂ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ 15 ਅਗਸਤ 2005 ਨੂੰ ਅੱਤਵਾਦੀਆਂ ਨੇ ਉਦੋਂ ਆਜ਼ਾਦੀ ਦਿਹਾੜੇ ਸਮਾਰੋਹ ਦੇ ਮੁੱਖ ਪ੍ਰੋਗਰਾਮ ਵਾਲੀ ਥਾਂ ਬਖਸ਼ੀ ਸਟੇਡੀਅਮ ਦੇ ਬਾਹਰ ਆਈ. ਈ. ਡੀ. ਧਮਾਕੇ ਲਈ ਮੋਬਾਇਲ ਫੋਨ ਦਾ ਇਸਤੇਮਾਲ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ਵਿਚ ਲੋਕਾਂ ਦੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਹੈ। ਫ਼ਿਲਹਾਲ ਕਸ਼ਮੀਰ ਵਿਚ ਸੰਵੇਦਨਸ਼ੀਲ ਖੇਤਰਾਂ ’ਚ ਉੱਚਿਤ ਗਿਣਤੀ ’ਚ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਹਰਿਆਣਾ ’ਚ ਆਜ਼ਾਦੀ ਦਿਹਾੜੇ ਦੀ ਧੂਮ, ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ’ਚ ਲਹਿਰਾਇਆ ਤਿਰੰਗਾ
NEXT STORY