ਸ਼੍ਰੀਨਗਰ— ਭਾਰਤੀ ਹਵਾਈ ਫ਼ੌਜ ਨੇ ਕਸ਼ਮੀਰ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਸ਼ਾਮਲ ਹੋਣ ਅਤੇ ਖੇਤਰ ’ਚ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਦੇਣ ਲਈ ਪ੍ਰਸਿੱਧ ਡਲ ਝੀਲ ਉੱਪਰ ਇਕ ਏਅਰ ਸ਼ੋਅ ਦਾ ਆਯੋਜਨ ਕੀਤਾ। ਆਸਮਾਨ ’ਚ ਜਹਾਜ਼ਾਂ ਦੀ ਕਲਾਬਾਜ਼ੀ ਵੇਖ ਕੇ ਹਰ ਕੋਈ ਦੰਗ ਰਿਹਾ ਗਿਆ। ਦਰਅਸਲ ਦੇਸ਼ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਿਹਾ ਹੈ। ਇਸ ਜਸ਼ਨ ’ਚ ਭਾਰਤੀ ਹਵਾਈ ਫ਼ੌਜ ਦੇ ਵੀਰ ਜਵਾਨ ਹਵਾ ’ਚ ਆਪਣੀ ਜਾਬਾਂਜੀ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ। 13 ਸਾਲ ਬਾਅਦ ਕਸ਼ਮੀਰ ਵਿਚ ਏਅਰ ਸ਼ੋਅ ਹੋ ਰਿਹਾ ਹੈ। ਡਲ ਝੀਲ ਦੇ ਉੱਪਰ ਹਵਾਈ ਫ਼ੌਜ ਦੇ ਜਵਾਨਾਂ ਨੇ ਆਪਣੇ ਹਵਾਈ ਕਰਤਬ ਦਿਖਾਏ।
ਇਸ ਏਅਰ ਸ਼ੋਅ ਵਿਚ ਭਾਰਤੀ ਹਵਾਈ ਫ਼ੌਜ ਦੇ ਫਾਈਟਰ ਏਅਰਕ੍ਰਾਫਟ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਹਵਾਈ ਫ਼ੌਜ ਦੀ ਏਅਰੋਬੈਟਿਕ ‘ਸੂਰਈਆ ਕਿਰਨ’ ਅਤੇ ‘ਆਕਾਸ਼-ਗੰਗਾ’ ਟੀਮ ਨੇ ਵੀ ਸ਼੍ਰੀਨਗਰ ਦੇ ਲੋਕਾਂ ਦਾ ਆਪਣੇ ਕਰਤਬ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ।
ਏਅਰ ਸ਼ੋਅ ਦਾ ਮੁੱਖ ਉਦੇਸ਼ ਘਾਟੀ ਦੇ ਨੌਜਵਾਨਾਂ ਨੂੰ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ ਅਤੇ ਖੇਤਰ ’ਚ ਸੈਰ-ਸਪਾਟਾ ਨੂੰ ਹੱਲਾ-ਸ਼ੇਰੀ ਦੇਣਾ ਸੀ। ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਡਲ ਝੀਲ ਦੇ ਕਿਨਾਰੇ ਸਥਿਤ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਤੋਂ ਇਸ ਪ੍ਰੋਗਰਾਮ ਨੂੰ ਹਰੀ ਝੰਡੀ ਵਿਖਾਈ।
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਤਹਿਤ ਹਵਾਈ ਫ਼ੌਜ ਵਲੋਂ ਇਸ ਦਾ ਆਯੋਜਨ ਕੀਤਾ ਗਿਆ। ਸ਼ੋਅ ਦੀ ਥੀਮ ‘ਗਿਵ ਵਿੰਗਸ ਟੂ ਯੋਰ ਡਰੀਮਜ਼’ ਰੱਖੀ ਗਈ। ਜਹਾਜ਼ਾਂ ਦੇ ਪ੍ਰਭਾਵਸ਼ਾਲੀ ਯੁੱਧ ਅਭਿਆਸ ਨੂੰ ਵੇਖਣ ਲਈ 3000 ਤੋਂ ਵੱਧ ਕਾਲਜ ਅਤੇ ਸਕੂਲੀ ਵਿਦਿਆਰਥੀਆਂ ਨੇ ਵੀ ਪ੍ਰੋਗਰਾਮ ’ਚ ਹਿੱਸਾ ਲਿਆ।
ਜੰਮੂ ਕਸ਼ਮੀਰ : ਉੜੀ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ, ਤਿੰਨ ਜਵਾਨ ਜ਼ਖਮੀ
NEXT STORY