ਲਿਸਬਨ, (ਭਾਸ਼ਾ)- ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਸਮੇਤ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ, ਵਪਾਰ, ਨਿਵੇਸ਼, ਸੈਰ-ਸਪਾਟਾ ਵਰਗੇ ਖੇਤਰਾਂ ਵਿਚ ਪ੍ਰਮੁੱਖ ਦੱਖਣੀ ਯੂਰਪੀ ਦੇਸ਼ ਨਾਲ ਭਾਰਤ ਦੇ ਸਬੰਧਾਂ ਨੂੰ ਮਜਬੂਤ ਕਰਨ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੇ ‘‘ਪੁਰਤਗਾਲ ਵਿੱਚ ਕੰਮ ਕਰਨ ਲਈ ਭਾਰਤੀ ਨਾਗਰਿਕਾਂ ਦੀ ਨਿਯੁਕਤੀ ਦੇ ਸਮਝੌਤੇ’’ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਅਤੇ ਉਹ ਇਸ ਦੇ ਲਈ ਇਕ ਮਿਆਰੀ ਸੰਚਾਲਨ ਪ੍ਰਕਿਰਿਆ ’ਤੇ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਇਸ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਪੁਰਤਗਾਲ ਨੂੰ ਯੂਰਪੀਅਨ ਯੂਨੀਅਨ (ਈ. ਯੂ.) ਵਿੱਚ ਆਪਣੇ ਪ੍ਰਮੁੱਖ ਭਾਈਵਾਲਾਂ ਵਿੱਚੋਂ ਇਕ ਮੰਨਿਆ ਹੈ। ਪੁਰਤਗਾਲ ਦੇ ਵਿਦੇਸ਼ ਮੰਤਰੀ ਜੋਆਓ ਕ੍ਰੇਵਿਨਹੋ ਨਾਲ ਸਾਂਝੇ ਬਿਆਨ ਵਿੱਚ ਜੈਸ਼ੰਕਰ ਨੇ ਕਿਹਾ, “ਅਸੀਂ ਕਈ ਖੇਤਰਾਂ ਵਿੱਚ ਨਵੀਂ ਊਰਜਾ ਅਤੇ ਗਤੀਵਿਧੀਆਂ ਨੂੰ ਦੇਖਦੇ ਹਾਂ। ਵਪਾਰ ਅਤੇ ਨਿਵੇਸ਼ ਸਪੱਸ਼ਟ ਤੌਰ ’ਤੇ ਇਕ ਮਜ਼ਬੂਤ ਪ੍ਰੇਰਕ ਕਾਰਕ ਹੈ। ਖਾਸ ਤੌਰ ’ਤੇ ਕਈ ਭਾਰਤੀ ਸੂਚਨਾ ਤਕਨਾਲੋਜੀ ਕੰਪਨੀਆਂ ਨੇ ਪੁਰਤਗਾਲ ਵਿਚ ਆਪਣੀ ਪਛਾਣ ਬਣਾਈ ਹੈ।’’
ਦੋ ਪ੍ਰਮੁੱਖ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪੁਰਤਗਾਲ ਅਤੇ ਇਟਲੀ ਦੇ ਆਪਣੇ ਚਾਰ ਦਿਨਾਂ ਦੌਰੇ ਦੇ ਪਹਿਲੇ ਪੜਾਅ ’ਚ ਪੁਰਤਗਾਲ ਪਹੁੰਚੇ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਆਰਥਿਕ ਕਮੇਟੀ ਨੂੰ ਦੋਵਾਂ ਨੇਤਾਵਾਂ ਵਿਚਾਲੇ ਹੋਈਆਂ ਚਰਚਾਵਾਂ ’ਤੇ ਅੱਗੇ ਵਧਣ ਲਈ ਕਿਹਾ ਜਾਵੇਗਾ। ਜੈਸ਼ੰਕਰ ਨੇ ਕੁਝ ਪ੍ਰਵਾਸੀ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਲਿਸਬਨ ਵਿੱਚ ਰਾਧਾ ਕ੍ਰਿਸ਼ਨ ਮੰਦਰ ਦੇ ਸਾਹਮਣੇ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਨੂੰ ਉਨ੍ਹਾਂ ਦੀ ਯਾਦਗਾਰ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
'ਦਿੱਲੀ ਨੂੰ ਬਣਾਵਾਂਗੇ ਖਾਲਿਸਤਾਨ', ਗੁਰਪਤਵੰਤ ਪੰਨੂ ਨੇ PM ਮੋਦੀ ਸਣੇ 25 ਲੋਕਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY