ਸ਼੍ਰੀਨਗਰ, (ਉਦੇ ਭਾਸਕਰ)- ਜੰਮੂ-ਕਸ਼ਮੀਰ ਨੂੰ ਆਰਟੀਕਲ 370 ਦੇ ਤਹਿਤ ਵਿਸ਼ੇਸ਼ ਦਰਜਾ ਬਹਾਲ ਕੀਤੇ ਜਾਣ ਦੇ ਮੁੱਦੇ ’ਤੇ ਵਿਧਾਨ ਸਭਾ ਸੈਸ਼ਨ ਦੇ 5ਵੇਂ ਦਿਨ ਸ਼ੁੱਕਰਵਾਰ ਨੂੰ ਵੀ ਹੰਗਾਮਾ ਹੋਇਆ। ਸਪੀਕਰ ਦੇ ਹੁਕਮ ’ਤੇ ਭਾਜਪਾ ਦੇ 10 ਵਿਧਾਇਕਾਂ ਨੂੰ ਮਾਰਸ਼ਲਾਂ ਨੇ ਧੱਕੇ ਮਾਰੇ ਅਤੇ ਚੁੱਕ ਕੇ ਸਦਨ ਤੋਂ ਬਾਹਰ ਸੁੱਟ ਦਿੱਤਾ।
ਬਾਕੀ ਭਾਜਪਾ ਵਿਧਾਇਕਾਂ ਨੇ ਰੋਸ ਪ੍ਰਗਟਾਉਂਦੇ ਹੋਏ ਸਦਨ ’ਚੋਂ ਵਾਕਆਊਟ ਕਰ ਦਿੱਤਾ। ਸ਼ੁੱਕਰਵਾਰ ਨੂੰ ਵੀ ਭਾਜਪਾ ਵਿਧਾਇਕਾਂ ਨੇ ‘ਸਪੀਕਰ ਗੋ ਬੈਕ’ ਅਤੇ ‘ਮਤੇ ਨੂੰ ਵਾਪਸ ਲਓ’ ਦੇ ਨਾਅਰੇ ਲਾਏ।
ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਪੀਕਰ ਨੇ ਜਦੋਂ ਨੈਕਾਂ ਵਿਧਾਇਕ ਜਾਵੇਦ ਬੇਗ ਨੂੰ ਉਪ-ਰਾਜਪਾਲ ਮਨੋਜ ਸਿਨ੍ਹਾ ਦੇ ਭਾਸ਼ਣ ’ਤੇ ਬਹਿਸ ਸ਼ੁਰੂ ਕਰਨ ਲਈ ਕਿਹਾ ਤਾਂ ਲੰਗੇਟ ਤੋਂ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨਵੇਂ ਮਤੇ ਦੀ ਕਾਪੀ ਲੈ ਕੇ ਵੈੱਲ ’ਚ ਪਹੁੰਚ ਗਏ ਜਿਸ ’ਤੇ ਮਾਰਸ਼ਲਾਂ ਨੇ ਉਨ੍ਹਾਂ ਨੂੰ ਸਦਨ ’ਚੋਂ ਚੁੱਕ ਕੇ ਬਾਹਰ ਸੁੱਟ ਦਿੱਤਾ।
ਸਪੀਕਰ ਨੇ ਮਾਰਸ਼ਲਾਂ ਨੂੰ ਕਿਹਾ ਕਿ ਕਿਸੇ ਨੂੰ ਵੈੱਲ ਦੇ ਅੰਦਰ ਨਾ ਆਉਣ ਦਿੱਤਾ ਜਾਵੇ। ਇੰਨੇ ’ਚ ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸੁਨੀਲ ਸ਼ਰਮਾ ਨੇ ਆਪਣੀ ਗੱਲ ਰੱਖਣੀ ਸ਼ੁਰੂ ਕੀਤੀ ਤਾਂ ਪੀ. ਡੀ. ਪੀ. ਦੇ ਵਿਧਾਇਕ ਮੀਰ ਫਿਆਜ਼ ਅਹਿਮਦ ਨੇ ਆਰਟੀਕਲ 370, 35ਏ ਦੀ ਬਹਾਲੀ ਅਤੇ ਰਾਜਨੀਤਕ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਪੋਸਟਰ ਕੱਢ ਕੇ ਜਦੋਂ ਸਦਨ ’ਚ ਵਿਖਾਇਆ ਤਾਂ ਭਾਜਪਾ ਵਿਧਾਇਕ ਵਿਕਰਮ ਰੰਧਾਵਾ ਨੇ ਫੁਰਤੀ ਨਾਲ ਉਨ੍ਹਾਂ ਤੋਂ ਪੋਸਟਰ ਖੋਹ ਲਿਆ।
ਇਸ ’ਤੇ ਪੀ. ਡੀ. ਪੀ., ਭਾਜਪਾ ਅਤੇ ਪੀਪਲਜ਼ ਕਾਨਫਰੰਸ ਵਿਧਾਇਕਾਂ ਵਿਚਾਲੇ ਪੋਸਟਰ ਨੂੰ ਲੈ ਕੇ ਖੋਹਾ-ਖੋਹੀ ਜਾਰੀ ਰਹੀ ਪਰ ਭਾਜਪਾ ਵਿਧਾਇਕਾਂ ਨੇ ਪੋਸਟਰ ਨਾ ਦਿੱਤਾ। ਭਾਜਪਾ ਵਿਧਾਇਕਾਂ ਨੇ ‘ਪੀ. ਡੀ. ਪੀ. ਹਾਏ-ਹਾਏ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਸ ਦਰਮਿਆਨ ਭਾਜਪਾ ਵਿਧਾਇਕ ਅਰਵਿੰਦ ਗੁਪਤਾ, ਵਿਕਰਮ ਰੰਧਾਵਾ, ਯੁੱਧਵੀਰ ਸੇਠੀ, ਕੁਲਦੀਪ ਰਾਜ ਦੂਬੇ, ਸੁਨੀਲ ਭਾਰਦਵਾਜ, ਸੁਰੇਂਦਰ ਭਗਤ, ਸਾਬਕਾ ਮੰਤਰੀ ਸ਼ਾਮ ਲਾਲ ਸ਼ਰਮਾ, ਡਾ. ਰਾਜੀਵ ਭਗਤ, ਰਾਜੀਵ ਜਸਰੋਟੀਆ, ਬਲਵੰਤ ਮਨਕੋਟੀਆ ਆਦਿ ਜਦੋਂ ਵੈੱਲ ’ਚ ਪੁੱਜੇ ਤਾਂ ਮਾਰਸ਼ਲਾਂ ਨੇ ਫਿਰ ਭਾਜਪਾ ਵਿਧਾਇਕਾਂ ਨੂੰ ਧੱਕੇ ਮਾਰਦੇ ਹੋਏ ਸਦਨ ਤੋਂ ਬਾਹਰ ਸੁੱਟ ਦਿੱਤਾ।
ਸਾਬਕਾ ਮੰਤਰੀ ਅਤੇ ਸੂਬਾ ਭਾਜਪਾ ਦੇ ਉਪ-ਪ੍ਰਧਾਨ ਸ਼ਾਮ ਲਾਲ ਸ਼ਰਮਾ ਨੂੰ ਮਾਰਸ਼ਲ ਚੁੱਕ ਕੇ ਸਦਨ ਤੋਂ ਬਾਹਰ ਲਿਜਾਣ ਲੱਗੇ ਤਾਂ ਧੱਕਾ-ਮੁੱਕੀ ’ਚ ਉਹ ਡਿੱਗ ਗਏ।
ਮੁੱਖ ਮੰਤਰੀ ਦੀ ਅਪੀਲ ’ਤੇ ਸਪੀਕਰ ਨੇ ਵਧਾਈ ਸਦਨ ਦੀ ਮਿਆਦ
ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਸਦਨ ਦੀ ਕਾਰਵਾਈ ਵਧਾਉਣ ਲਈ ਸਪੀਕਰ ਮੁਬਾਰਕ ਗੁਲ ਨੂੰ ਅਪੀਲ ਕੀਤੀ ਤਾਂ ਜੋ ਪਹਿਲੀ ਵਾਰ ਚੁਣ ਕੇ ਆਏ ਕੁਝ ਵਿਧਾਇਕਾਂ ਨੂੰ ਵੀ ਉਪ-ਰਾਜਪਾਲ ਦੇ ਭਾਸ਼ਣ ’ਤੇ ਬੋਲਣ ਦਾ ਸਮਾਂ ਮਿਲ ਸਕੇ। ਉਮਰ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਸਦਨ ’ਚ ਨਹੀਂ ਹਨ ਅਤੇ ਉਨ੍ਹਾਂ ਦੇ ਸਮੇਂ ਦੀ ਵੀ ਇਨ੍ਹਾਂ ਨੂੰ ਵਰਤੋਂ ਕਰਨ ਦਿੱਤੀ ਜਾਵੇ। ਇਸ ’ਤੇ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ 5 ਵਜੇ ਤੱਕ ਵਧਾ ਦਿੱਤਾ।
ਇਸ ਦਰਮਿਆਨ ਭਾਜਪਾ ਵਿਧਾਇਕਾਂ ਦੇ ਵਾਕਆਊਟ ਤੋਂ ਬਾਅਦ ਉਪ-ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਚਰਚਾ ਸ਼ੁਰੂ ਹੋਈ।
ਸਰੀਰਕ ਸਬੰਧ ਬਣਾ ਕੇ ਧਰਮ ਪਰਿਵਰਤਨ ਦਾ ਬਣਾਇਆ ਦਬਾਅ, ਓਡੀਸ਼ਾ 'ਚ ਕਸ਼ਮੀਰੀ ਸ਼ਖਸ ਗ੍ਰਿਫ਼ਤਾਰ
NEXT STORY