ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਪਾਬੰਦੀਸ਼ੁਦਾ ਸੰਗਠਨਾਂ 'ਤੇ ਕਾਰਵਾਈ ਦੇ ਅਧੀਨ ਬੁੱਧਵਾਰ ਨੂੰ ਹੁਰੀਅਤ ਦੇ ਇਕ ਸਾਬਕਾ ਚੇਅਰਮੈਨ ਸਮੇਤ ਕਈ ਸੀਨੀਅਰ ਵੱਖਵਾਦੀ ਆਗੂਆਂ ਦੇ ਘਰਾਂ 'ਤੇ ਛਾਪੇ ਮਾਰੇ। ਇਹ ਛਾਪੇਮਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਹ ਕਹੇ ਜਾਣ ਦੇ ਇਕ ਦਿਨ ਬਾਅਦ ਕੀਤੀ ਗਈ ਕਿ ਕਸ਼ਮੀਰ 'ਚ ਵੱਖਵਾਦ ਇਤਿਹਾਸ ਦੀ ਗੱਲ ਹੋ ਗਈ ਹੈ, ਕਿਉਂਕਿ 2 ਹੁਰੀਅਤ ਆਗੂਆਂ ਨੇ ਵੱਖਵਾਦੀ ਗਤੀਵਿਧੀਆਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਪੁਲਸ ਨੇ ਅੱਜ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਅਧੀਨ ਦਰਜ ਮਾਮਲਿਆਂ ਦੇ ਸਿਲਸਿਲੇ 'ਚ ਸ਼੍ਰੀਨਗਰ ਅਤੇ ਸੋਪੋਰ 'ਚ ਕਈ ਥਾਵਾਂ 'ਤੇ ਵਿਆਪਕ ਛਾਪੇਮਾਰੀ ਕੀਤੀ। ਇਹ ਮਾਮਲੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸੰਬੰਧਤ ਹਨ, ਜਿਨ੍ਹਾਂ 'ਚ ਜੰਮੂ ਕਸ਼ਮੀਰ ਮੁਸਲਿਮ ਕਾਨਫਰੰਸ (ਭੱਟ ਗਰੁੱਪ), ਜੰਮੂ ਕਸ਼ਮੀਰ ਮੁਸਲਿਮ ਲੀਗ (ਸ਼ੱਬੀਰ ਸ਼ਾਹ ਗਰੁੱਪ) ਸ਼ਾਮਲ ਹਨ। ਇਹ ਛਾਪੇ ਇਨ੍ਹਾਂ ਪਾਬੰਦੀਸ਼ੁਦਾ ਸੰਗਠਨਾਂ 'ਚ ਸ਼ਾਮਲ ਹੋਣ ਦੇ ਸ਼ੱਕੀ ਵਿਅਕਤੀਆਂ ਨੂੰ ਟਾਰਗੇਟ ਕਰ ਕੇ ਮਾਰੇ ਗਏ ਅਤੇ ਸ਼੍ਰੀਨਗਰ ਦੇ ਵੱਖ-ਵੱਖ ਪੁਲਸ ਥਾਣਿਆਂ 'ਚ ਪਿਛਲੇ ਸਾਲ ਦਰਜ ਕਈ ਮਾਮਲਿਆਂ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਮਾਰੇ ਗਏ।
ਪੁਲਸ ਅਨੁਸਾਰ ਹੁਰੀਅਤ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਅਬਦੁੱਲ ਗਨੀ ਭੱਟ ਦੇ ਬੋਟਿੰਗੂ, ਸੋਪੋਰ ਸਥਿਤ ਘਰ ਅਤੇ ਰਾਜਬਾਗ ਸਥਿਤ ਉਨ੍ਹਾਂ ਦੇ ਸ਼੍ਰੀਨਗਰ ਘਰ 'ਤੇ ਛਾਪੇਮਾਰੀ ਕੀਤੀ ਗਈ। ਜੇਲ੍ਹ 'ਚ ਬੰਦ ਵੱਖਵਾਦੀ ਨੇਤਾ ਸ਼ੱਬੀਰ ਅਹਿਮਦ ਸ਼ਾਹ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ, ਪੁਲਸ ਨੇ ਸ਼੍ਰੀਨਗਰ 'ਚ 7 ਥਾਵਾਂ 'ਤੇ ਤਲਾਸ਼ੀ ਲਈ, ਜਿਸ 'ਚ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ 'ਚ ਜੇਲ੍ਹ 'ਚ ਬੰਦ ਨੇਤਾ ਮਸਰਤ ਆਲਮ ਭੱਟ ਅਤੇ ਮੁਸ਼ਤਾਕ ਅਹਿਮਦ ਭੱਟ ਉਰਫ਼ ਗੁੱਗਾ ਸਾਹਿਬ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਸ਼੍ਰੀਨਗਰ 'ਚ ਐੱਨ.ਆਈ.ਏ. ਐਕਟ ਦੇ ਅਧੀਨ ਨਾਮਜ਼ਦ ਵਿਸ਼ੇਸ਼ ਜੱਜ ਤੋਂ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਤਲਾਸ਼ੀ ਲਈ ਗਈ। ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ 'ਚ, ਸਾਰੇ ਛਾਪੇ ਕਾਰਜਕਾਰੀ ਮੈਜਿਸਟ੍ਰੇਟ ਅਤੇ ਆਜ਼ਾਦ ਗਵਾਹਾਂ ਦੀ ਮੌਜੂਦਗੀ 'ਚ ਮਾਰੇ ਗਏ। ਪੁਲਸ ਨੇ ਕਿਹਾ,''ਜਾਂਚ ਦਾ ਮਕਸਦ ਜੰਮੂ ਅਤੇ ਕਸ਼ਮੀਰ 'ਚ ਵੱਖਵਾਦੀ ਅਤੇ ਅੱਤਵਾਦ ਨੂੰ ਨਸ਼ਟ ਕਰਨਾ ਹੈ ਤਾਂ ਕਿ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
78,000 ਕਰੋੜ ਰੁਪਏ ਤੋਂ ਵੱਧ ਲਾਵਾਰਸ ਜਮ੍ਹਾ! RBI ਲਿਆਇਆ ਨਵਾਂ ਸਿਸਟਮ, ਹੁਣ ਇਸ ਤਰ੍ਹਾਂ ਮਿਲੇਗਾ ਤੁਹਾਡਾ ਫਸਿਆ ਪੈਸਾ
NEXT STORY