ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਜੇ. ਚੇਲਾਮੇਸ਼ਵਰ ਨੇ ਕਿਹਾ ਹੈ ਕਿ ਕੁਝ ਜੱਜ ਅਜਿਹੇ ਵੀ ਹਨ ਜਿਨ੍ਹਾਂ ਨੂੰ ਝੁਕਾਇਆ ਜਾ ਸਕਦਾ ਹੈ ਪਰ ਸਭ ਜੱਜਾਂ ਨੂੰ ਇਕੋ ਹੀ ਤੱਕੜੀ ਵਿਚ ਨਹੀਂ ਤੋਲਿਆ ਜਾਣਾ ਚਾਹੀਦਾ।
ਸ਼ਨੀਵਾਰ ਇੰਡੀਆ ਟੁਡੇ ਕਨਕਲੇਵ 2019 ਦੇ ਦੂਜੇ ਦਿਨ ਉਨ੍ਹਾਂ ਨਿਆਂਪਾਲਿਕਾ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਬੇਬਾਕ ਟਿੱਪਣੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ ਭਾਰਤ ਹੀ ਨਹੀਂ, ਦੁਨੀਆ ਵਿਚ ਵੀ ਨਿਆਂਪਾਲਿਕਾ 'ਤੇ ਸੰਕਟ ਆਉਂਦੇ ਰਹੇ ਹਨ। ਅਜਿਹੇ ਹਾਲਾਤ ਵਿਚ ਜੱਜਾਂ ਨੂੰ ਲੈ ਕੇ ਸਵਾਲ ਉਠਦੇ ਰਹੇ ਹਨ ਪਰ ਸਭ ਜੱਜਾਂ ਨੂੰ ਇਕ ਹੀ ਐਨਕ ਨਾਲ ਨਹੀਂ ਵੇਖਿਆ ਜਾ ਸਕਦਾ।
ਪਿਛਲੇ ਸਾਲ 12 ਜਨਵਰੀ ਨੂੰ 4 ਜੱਜਾਂ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਲੋਕ ਰਾਜ ਵਿਚ ਸਵਾਲ ਪੁੱਛਣਾ ਕੋਈ ਵਿਰੋਧ ਨਹੀਂ ਹੁੰਦਾ। ਇਹ ਪੁੱਛਣ 'ਤੇ ਕਿ ਇਸ ਤੋਂ ਪਹਿਲਾਂ ਕਦੇ ਵੀ ਮਾਣਯੋਗ ਜੱਜਾਂ ਨੇ ਇਸ ਤਰ੍ਹਾਂ ਦੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਕੁਝ ਵੀ ਨਹੀਂ ਹੋਇਆ ਤਾਂ ਇਸ ਦਾ ਮਤਲਬ ਨਹੀਂ ਕਿ ਕਦੇ ਵੀ ਨਹੀਂ ਹੋਵੇਗਾ। ਅਸੀਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇਹ ਕੁਝ ਨਵਾਂ ਹੈ। ਸਾਬਕਾ ਚੀਫ ਜਸਟਿਸ ਦੀਪਕ ਮਿਸ਼ਰਾ ਵਿਰੁੱਧ ਮਹਾਦੋਸ਼ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸੇ ਮਸਲੇ ਦਾ ਹੱਲ ਨਹੀਂ। ਸੀ. ਬੀ.ਆਈ. ਵਿਚ ਬੀਤੇ ਦਿਨੀਂ ਹੋਏ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਸੀ. ਬੀ. ਆਈ. ਨੂੰ ਨਹੀਂ ਸੁਧਾਰਨਾ ਚਾਹੁੰਦੀ।
10 ਹਜ਼ਾਰ ਕਰਮਚਾਰੀਆਂ ਨੇ ਸਫਾਈ ਕਰਕੇ ਕੁੰਭ 'ਚ ਬਣਾਇਆ ਵਿਸ਼ਵ ਰਿਕਾਰਡ
NEXT STORY