ਕਾਰਗਿਲ - ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਕਾਰਗਿਲ ਦਾ ਅਕਸ ਬਦਲਣ ਦਾ ਫੈਸਲਾ ਕਰ ਲਿਆ ਹੈ। ਉਥੇ ਮੌਜੂਦ ਦੁਨੀਆ ਦੀ ਅਨੋਖੀ ਬੋਧ ਵਿਰਾਸਤ ਅਤੇ ਹਿੰਮਤੀ ਖੇਡਾਂ ਦੀ ਸੰਭਾਵਨਾ ਨੂੰ ਸੈਰ-ਸਪਾਟੇ ਦੇ ਨਕਸ਼ੇ 'ਤੇ ਲਿਆਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਕਾਰਗਿਲ ਦੀ ਦੋ ਦਿਨਾਂ ਯਾਤਰਾ ਮੁਕੰਮਲ ਕਰਨ ਪਿੱਛੋਂ ਸੋਮਵਾਰ ਇਥੇ ਕੌਮੀ ਸੈਰ-ਸਪਾਟਾ ਦਿਵਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਐਤਵਾਰ ਨੂੰ ਮੁਨਬੇਖ ਚੰਬਾ ਬੌਧ ਮਠ ਅਤੇ 30 ਫੁੱਟ ਉੱਚੀ ਮੈਤਰੇਈ ਬੁੱਧ ਦੀ ਮੂਰਤੀ ਦੇ ਦਰਸ਼ਨ ਕੀਤੇ। ਇਸ ਨੂੰ ਬਾਮਿਆਲ ਦੀ 70 ਫੁੱਟ ਉੱਚੀ ਬੁੱਧ ਦੀ ਮੂਰਤੀ ਨੂੰ ਡੇਗੇ ਜਾਣ ਪਿੱਛੋਂ ਦੁਨੀਆ ਦੀ ਸਭ ਤੋਂ ਵੱਡੀ ਬੋਧ ਮੂਰਤੀ ਮੰਨਿਆ ਜਾਂਦਾ ਹੈ। ਕਾਰਗਿਲ ਦੇ ਬੇਮਾਥਾਂਗ ਆਈਸ ਗ੍ਰਾਊਂਡ ਵਿਖੇ ਨੈਸ਼ਨਲ ਆਈਸ ਸਕੇਟਿੰਗ ਰੇਸ ਅਤੇ ਮਹਿਲਾ ਆਈਸ ਹਾਕੀ ਦੇ ਫਾਈਨਲ ਮੈਚ ਪਿੱਛੋਂ ਪਟੇਲ ਨੇ ਜੇਤੂ ਨੌਜਵਾਨਾਂ ਨੂੰ ਇਨਾਮ ਵੰਡੇ।
ਪ੍ਰੋਗਰਾਮ ਦੀ ਪ੍ਰਧਾਨਗੀ ਲੱਦਾਖ ਦੇ ਸੰਸਦ ਮੈਂਬਰ ਜਮਯਾਂਗ ਸ਼ੇਰਿੰਗ ਨਾਮਗਿਆਲ ਨੇ ਕੀਤੀ। ਇਸ ਵਿਚ ਕਾਰਗਿਲ ਜ਼ਿਲਾ ਵਿਕਾਸ ਕੌਂਸਲ ਦੇ ਮੁੱਖ ਕਾਰਜਕਾਰੀ ਪ੍ਰਧਾਨ ਫਿਰੋਜ਼ ਅਹਿਮਦ ਖਾਨ, ਜ਼ਿਲਾ ਅਧਿਕਾਰੀ, ਪੁਲਸ ਮੁਖੀ ਅਤੇ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਸਨ। ਪਟੇਲ ਨੇ ਕਿਹਾ ਕਿ ਕਾਰਗਿਲ ਨੂੰ ਲੈ ਕੇ ਦੁਨੀਆ ਦੀ ਧਾਰਣਾ ਨੂੰ ਹੁਣ ਬਦਲਣਾ ਚਾਹੀਦਾ ਹੈ। ਮੁਨਬੇਖ ਦਾ ਮੈਤਰੇਈ ਬੁੱਧ ਦੀ ਮੂਰਤੀ ਇਥੋਂ ਦੇ ਲੋਕਾਂ ਦੀ ਵਿਰਾਸਤ ਹੈ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਾਰਗਿਲ ਯੁੱਧ ਭੂਮੀ ਨਹੀਂ ਸਗੋਂ ਬੁੱਧ ਭੂਮੀ ਹੈ। ਇਥੇ ਸ਼ਾਂਤੀ ਅਤੇ ਸੈਰ-ਸਪਾਟੇ ਦੀ ਵੀ ਥਾਂ ਹੈ।
ਉਨ੍ਹਾਂ ਕਿਹਾ ਕਿ ਕਾਰਗਿਲ, ਦਰਾਸ, ਜੰਸਕਾਰ, ਬਟਾਲਿਕ ਵਿਖੇ ਹੋਮ ਸਟੇਅ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਕਾਰਗਿਲ ਵਿਚ ਬਣਨ ਵਾਲਾ ਭਾਰਤੀ ਸਕੀ ਅਤੇ ਪਰਬਤਾਰੋਹੀ ਅਦਾਰਾ ਇਸ ਨੂੰ ਇਕ ਕੌਮਾਂਤਰੀ ਪੱਧਰ ਦੇ ਹਿਮ ਤੇ ਹਿੰਮਤੀ ਸੈਰ-ਸਪਾਟਾ ਕੇਂਦਰ ਵਜੋਂ ਪ੍ਰਸਿੱਧੀ ਦਿਵਾਏਗਾ। ਕਾਰਗਿਲ ਵਿਚ ਕੌਮਾਂਤਰੀ ਪੱਧਰ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਇਥੋਂ ਵਿਸ਼ਵ ਪੱਧਰੀ ਹੁਨਰ ਨਿਕਲਣਗੇ। ਮੋਦੀ ਸਰਕਾਰ ਕਾਰਗਿਲ ਸਮੇਤ ਲੱਦਾਖ ਦੇ ਲੋਕਾਂ ਦੇ ਨਾਲ ਹੈ। ਇਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਰਗਿਲ ਵਿਚ ਏ.ਟੀ.ਆਰ. ਹਵਾਈ ਸੇਵਾ ਮੁਹੱਈਆ ਕਰਵਾਉਣ ਲਈ ਹਵਾਈ ਕੰਪਨੀਆਂ ਦੇ ਘਾਟੇ ਦੀ ਪੂਰਤੀ ਸੈਰ-ਸਪਾਟਾ ਮੰਤਰਾਲਾ ਵਲੋਂ ਕੀਤੀ ਜਾਵੇਗੀ। ਇਸ ਤਰ੍ਹਾਂ ਕਾਰਗਿਲ ਲਈ ਹਵਾਈ ਸੇਵਾ ਜਲਦੀ ਸ਼ੁਰੂ ਹੋ ਸਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
946 ਪੁਲਸ ਮੁਲਾਜ਼ਮਾਂ ਨੂੰ ਪੁਲਸ ਮੈਡਲ, 2 ਨੂੰ ਮਿਲੇਗਾ ਰਾਸ਼ਟਰਪਤੀ ਦਾ ਬਹਾਦਰੀ ਮੈਡਲ
NEXT STORY