ਨਵੀਂ ਦਿੱਲੀ (ਬਿਊਰੋ)— ਪੂਰੀ ਦੁਨੀਆ 'ਚ ਸਾਡੇ ਸੱਭਿਆਚਾਰ, ਵਿਰਾਸਤ ਨੇ ਸਾਨੂੰ ਪਛਾਣ ਦਿੱਤੀ ਹੈ। 'ਅਨੇਕਤਾ ਵਿਚ ਏਕਤਾ' ਹੀ ਸਾਡੀ ਵਿਸ਼ੇਸ਼ਤਾ ਹੈ। ਮਹਾਰਾਸ਼ਟਰ ਵਿਚ ਪੈਦਾ ਹੋਏ ਸੰਤ ਨਾਮਦੇਵ ਨੇ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਨੂੰ ਆਪਣੀ ਕਰਮ ਭੂਮੀ ਬਣਾਇਆ ਅਤੇ ਮਹਾਰਾਸ਼ਟਰ ਅਤੇ ਪੰਜਾਬ ਵਿਚਾਲੇ ਵਧੀਆ ਰਿਸ਼ਤੇ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਪੂਰੇ ਭਾਰਤ ਵਿਚ ਸੰਤਾਂ ਦਾ ਹਰ ਖੇਤਰ 'ਤੇ ਪ੍ਰਭਾਵ ਰਿਹਾ ਹੈ, ਜਿਨ੍ਹਾਂ ਦੇ ਵਿਚਾਰ, ਸਾਹਿਤ, ਆਦਰਸ਼, ਨਿੱਜੀ ਜੀਵਨ ਵਿਚ ਸਾਡੇ ਸਾਰਿਆਂ ਲਈ ਮਹਾਨਤਾ ਵਾਲੀ ਗੱਲ ਹੈ।
ਇਹ ਗੱਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੁਣੇ ਦੀ 'ਸਰਹੱਦ' ਸੰਸਥਾ ਦੀ ਅਗਵਾਈ ਵਿਚ ਕਾਂਸਟੀਚਿਊਸ਼ਨ ਕਲੱਬ ਵਿਚ ਸ਼ੁੱਕਰਵਾਰ ਨੂੰ ਹੋਏ 15ਵੇਂ ਸੰਤ ਨਾਮਦੇਵ ਐਵਾਰਡ ਸਮਾਰੋਹ ਵਿਚ ਕਹੀ। 15ਵਾਂ ਸੰਤ ਨਾਮਦੇਵ ਐਵਾਰਡ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਨੂੰ ਦਿੱਤਾ ਗਿਆ। ਨਿਤਿਨ ਗਡਕਰੀ ਨੇ ਐੱਨ. ਐੱਨ. ਵੋਹਰਾ ਬਾਰੇ ਬੋਲਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕਸ਼ਮੀਰ ਦੇ ਮੁਸ਼ਕਲ ਹਾਲਾਤ ਵਿਚ ਵੋਹਰਾ ਵਲੋਂ ਸੂਬੇ ਲਈ ਕੀਤੇ ਗਏ ਕਾਰਜ ਸ਼ਲਾਘਾਯੋਗ ਹਨ। ਉਹ ਅਸਲ ਵਿਚ ਸਨਮਾਨ ਦੇ ਹੱਕਦਾਰ ਹਨ।
ਪ੍ਰੋਗਰਾਮ ਵਿਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਜਦੋਂ ਪੰਜਾਬ ਸੁਲਗ ਰਿਹਾ ਸੀ, ਉਦੋਂ ਕੋਈ ਜਗਤ ਗੁਰੂ ਉਥੇ ਨਹੀਂ ਆਇਆ ਪਰ ਸੰਜੇ ਨਾਹਰ ਦੀ ਅਗਵਾਈ ਵਿਚ 6 ਲੜਕਿਆਂ ਦੇ ਨਾਲ 'ਸਰਹੱਦ' ਦੀ ਟੀਮ ਮਦਦ ਕਰਨ ਉਥੇ ਪੁੱਜੀ। ਪੰਜਾਬ ਵਿਚ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਸਰਹੱਦ ਸੰਸਥਾ ਨੇ ਬਹੁਤ ਕੰਮ ਕੀਤੇ ਹਨ। ਇਹੀ ਨਹੀਂ, ਕਸ਼ਮੀਰ ਵਿਚ ਹਿੰਸਾ ਹੋਈ, ਉਥੇ ਵੀ ਇਹ ਸੰਸਥਾ ਮਦਦ ਲਈ ਪਹੁੰਚੀ। ਪੁਣੇ ਵਿਚ ਸਰਹੱਦ ਨੇ ਸਕੂਲ ਖੋਲ੍ਹਿਆ ਹੈ, ਜਿਥੇ ਬੱਚਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਸ਼ਟਰ ਗਏ ਅਤੇ ਮਹਾਰਾਸ਼ਟਰ ਤੋਂ ਨਾਮਦੇਵ ਪੰਜਾਬ ਆਏ। ਦੋਵਾਂ ਮਹਾਨ ਹਸਤੀਆਂ ਦੇ ਕੰਮਾਂ ਤੋਂ ਸਭ ਜਾਣੂ ਹਨ। 15ਵੇਂ ਨਾਮਦੇਵ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਐੱਨ. ਐੱਨ. ਵੋਹਰਾ ਲਈ ਉਨ੍ਹਾਂ ਕਿਹਾ ਕਿ ਲਾਹੌਰ ਪਾਕਿਸਤਾਨ ਤੋਂ ਵੰਡ ਦੇ ਸਮੇਂ ਭਾਰਤ ਆਏ ਵੋਹਰਾ ਦੇਸ਼ ਦੇ ਸਭ ਤੋਂ ਇਮਾਨਦਾਰ ਪ੍ਰਸ਼ਾਸਨਿਕ ਅਫਸਰਾਂ ਵਿਚੋਂ ਇਕ ਹਨ। ਵੋਹਰਾ ਹੋਮ ਸੈਕਟਰੀ ਅਤੇ ਡਿਫੈਂਸ ਸੈਕਟਰੀ ਵੀ ਰਹੇ ਅਤੇ ਬਾਅਦ ਵਿਚ ਰਾਜਪਾਲ ਬਣੇ।
ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਸ਼ਾਂਤੀ ਲਈ ਦੇਸ਼ ਵਿਚ ਕੰਮ ਕਰਨ ਵਾਲੇ ਸੰਤ ਨਾਮਦੇਵ ਦੇ ਨਾਂ 'ਤੇ ਐਵਾਰਡ ਲਈ ਐੱਨ. ਐੱਨ. ਵੋਹਰਾ ਦੀ ਚੋਣ ਮਾਣ ਵਾਲੀ ਗੱਲ ਹੈ। ਵੋਹਰਾ ਨੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ 'ੇਤੇ ਰਹਿੰਦੇ ਹੋਏ ਦੇਸ਼ ਦੇ ਅਮਨ ਅਤੇ ਸ਼ਾਂਤੀ ਲਈ ਇਮਾਨਦਾਰੀ ਅਤੇ ਨਿਸ਼ਠਾ ਆਪਣੀ ਜ਼ਿੰਮੇਵਾਰੀ ਨਾਲ ਨਿਭਾਈ। ਪਦਮ ਵਿਭੂਸ਼ਨ ਸਨਮਾਨ ਨਾਲ ਨਿਵਾਜੇ ਜਾ ਚੁੱਕੇ ਐੱਨ. ਐੱਨ. ਵੋਹਰਾ ਨੇ ਕਿਹਾ ਕਿ ਪੰਜਾਬ ਅਤੇ ਮਹਾਰਾਸ਼ਟਰ ਦੇ ਇਤਿਹਾਸਕ ਸਬੰਧ ਹਮੇਸ਼ਾ ਤੋਂ ਹਨ ਅਤੇ ਰਹਿਣਗੇ। ਪੂਰਾ ਦੇਸ਼ ਕਦੇ ਨਾ ਕਦੇ ਹਿੰਸਾ ਵਿਚੋਂ ਲੰਘਿਆ ਹੈ, ਭਾਵੇਂ ਉਹ 1993 ਦੀ ਗੱਲ ਹੋਵੇ ਜਾਂ 1990 ਦੀ। ਅਜੇ ਵੀ ਦੇਸ਼ ਨਕਸਲਵਾਦ ਨਾਲ ਲੜ ਰਿਹਾ ਹੈ। ਪੰਜਾਬ ਦੇ ਸੁਲਗਣ ਸਮੇਂ ਸਰਹੱਦ ਸੰਸਥਾ ਨੇ 100 ਲੜਕੇ-ਲੜਕੀਆਂ ਨੂੰ ਮੁਸ਼ਕਲ ਵਿਚੋਂ ਕੱਢ ਕੇ ਉਨ੍ਹਾਂ ਦੀ ਸਿੱਖਿਆ, ਰਹਿਣਾ, ਖਾਣਾ-ਪੀਣਾ, ਵਿਆਹ ਅਤੇ ਨੌਕਰੀ ਵਿਚ ਪੂਰਾ ਯੋਗਦਾਨ ਦਿੱਤਾ। ਜਿਸ ਦੌਰ ਵਿਚ ਮੈਂ ਲਾਹੌਰ ਤੋਂ ਪੰਜਾਬ ਪੁੱਜਾ, ਉਦੋਂ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿਚ ਮੈਨੂੰ ਨਾਮਦੇਵ ਜੀ ਬਾਰੇ ਸੁਣਨ ਨੂੰ ਮਿਲਿਆ। ਅਜਿਹੀ ਮਹਾਨ ਹਸਤੀ ਦੇ ਨਾਂ 'ਤੇ ਸਨਮਾਨ ਹਾਸਲ ਕਰ ਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ।
ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਐੱਨ. ਐੱਨ. ਵੋਹਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਵਿਚ ਗਿਰੀਸ਼ ਗਾਂਧੀ, ਸੰਜੇ ਨਾਹਰ, ਰਜਨੀ ਪਾਟਿਲ, ਸੰਤ ਸਿੰਘ ਮੋਖਾ, ਆਰ. ਪੀ. ਐੱਸ. ਸਹਿਗਲ, ਪ੍ਰਾਂਚਲੀ ਨੇਵਾਸਕਰ, ਅਰੁਣ ਨੇਵਾਸਕਰ ਸਮੇਤ ਸੈਂਕੜੇ ਲੋਕ ਮੌਜੂਦ ਰਹੇ।
ਕਾਰਟੂਨ ਅਤੇ ਗੁੱਡੇ-ਗੁੱਡੀਆਂ ਨਾਲ ਜਮਾਤ 'ਚ ਪੜ੍ਹਾਈ
NEXT STORY