ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ 'ਕੌਨ ਬਨੇਗਾ ਕਰੋੜਪਤੀ' (KBC) ਦੇ ਨਾਂ 'ਤੇ ਸਾਈਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਇੱਕ ਨੌਜਵਾਨ ਨੂੰ ਮਹਿੰਗੀ ਕਾਰ ਜਿੱਤਣ ਦਾ ਝਾਂਸਾ ਦੇ ਕੇ ਉਸ ਦੀ ਲਗਭਗ 8 ਲੱਖ ਰੁਪਏ ਦੀ ਸਾਲਾਂ ਦੀ ਕਮਾਈ ਲੁੱਟ ਲਈ। ਪੀੜਤ ਨੌਜਵਾਨ ਸ਼ਿਵਮ ਸੋਨੀ (30), ਜੋ ਮਊਰਾਨੀਪੁਰ ਖੇਤਰ ਦਾ ਰਹਿਣ ਵਾਲਾ ਹੈ, ਨੇ ਇਸ ਧੋਖਾਧੜੀ ਦੀ ਸ਼ਿਕਾਇਤ ਸਾਈਬਰ ਥਾਣਾ ਝਾਂਸੀ ਵਿੱਚ ਦਰਜ ਕਰਵਾਈ ਹੈ।
ਇਹ ਸਾਰਾ ਮਾਮਲਾ 23 ਅਗਸਤ 2025 ਨੂੰ ਸ਼ੁਰੂ ਹੋਇਆ, ਜਦੋਂ ਸ਼ਿਵਮ ਦੇ ਮੋਬਾਈਲ 'ਤੇ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਪਹਿਲਾਂ ਖੁਦ ਨੂੰ ਕੇਵਾਈਸੀ ਵਿਭਾਗ ਅਤੇ ਫਿਰ ਕੇਬੀਸੀ ਟੀਮ ਦਾ ਕਰਮਚਾਰੀ ਦੱਸਿਆ। ਠੱਗ ਨੇ ਸ਼ਿਵਮ ਨੂੰ ਕਿਹਾ ਕਿ ਉਸਨੇ ਇੱਕ ਮਹਿੰਗੀ ਕਾਰ ਜਿੱਤੀ ਹੈ ਅਤੇ ਉਸਨੂੰ ਕਾਰ ਜਾਂ ਉਸਦੇ ਬਦਲੇ ਨਕਦ ਰਕਮ ਲੈਣ ਦਾ ਵਿਕਲਪ ਦਿੱਤਾ। ਸ਼ਿਵਮ ਨੇ ਕਾਰ ਦੀ ਬਜਾਏ ਨਕਦ ਰਾਸ਼ੀ ਲੈਣ ਦੀ ਇੱਛਾ ਜ਼ਾਹਰ ਕੀਤੀ।
ਰਜਿਸਟ੍ਰੇਸ਼ਨ, ਸੇਫਟੀ ਚਾਰਜ ਦੇ ਨਾਂ 'ਤੇ ਲੁੱਟ
ਇਸ ਤੋਂ ਬਾਅਦ ਠੱਗਾਂ ਨੇ ਸ਼ਿਵਮ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਾਗਜ਼ੀ ਕਾਰਵਾਈ, ਰਜਿਸਟ੍ਰੇਸ਼ਨ ਅਤੇ ਕਾਰਡ ਫੀਸ ਦੇ ਨਾਂ 'ਤੇ ਪਹਿਲਾਂ 1500 ਰੁਪਏ ਜਮ੍ਹਾ ਕਰਵਾਏ। ਬਾਅਦ ਵਿੱਚ ਕਦੇ ਸੇਫਟੀ ਫੀਸ, ਕਦੇ ਸਕਿਓਰਿਟੀ ਚਾਰਜ ਅਤੇ ਕਦੇ ਟੈਕਸ ਦੇ ਨਾਂ 'ਤੇ ਲਗਾਤਾਰ ਪੈਸੇ ਮੰਗੇ ਜਾਂਦੇ ਰਹੇ।
ਸ਼ਿਵਮ ਠੱਗਾਂ ਦੀਆਂ ਗੱਲਾਂ ਵਿੱਚ ਆ ਕੇ ਪਹਿਲਾਂ 13,000 ਰੁਪਏ, ਅਤੇ ਫਿਰ ਇੱਕ ਹੀ ਦਿਨ ਵਿੱਚ ਲਗਭਗ 90,000 ਰੁਪਏ ਟਰਾਂਸਫਰ ਕਰ ਗਿਆ। ਠੱਗਾਂ ਨੇ ਭਰੋਸਾ ਦਿਵਾਇਆ ਕਿ ਅਗਲੀ ਸਵੇਰ ਇਨਾਮੀ ਰਾਸ਼ੀ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ। ਜਦੋਂ ਪੈਸੇ ਨਹੀਂ ਆਏ ਅਤੇ ਸ਼ਿਵਮ ਨੇ ਸੰਪਰਕ ਕੀਤਾ, ਤਾਂ ਠੱਗਾਂ ਨੇ ਨਵਾਂ ਬਹਾਨਾ ਬਣਾਇਆ ਕਿ ਰਕਮ 'ਸੇਫਟੀ ਲਾਕਰ' ਵਿੱਚ ਫਸੀ ਹੈ, ਜਿਸ ਨੂੰ ਰਿਲੀਜ਼ ਕਰਵਾਉਣ ਲਈ ਹੋਰ ਪੈਸੇ ਜਮ੍ਹਾ ਕਰਵਾਉਣੇ ਪੈਣਗੇ।
ਕੁੱਲ 7.96 ਲੱਖ ਰੁਪਏ ਦਾ ਚੂਨਾ
ਆਪਣੀ ਜਮ੍ਹਾ ਪੂੰਜੀ ਡੁੱਬਣ ਦੇ ਡਰੋਂ, ਸ਼ਿਵਮ ਆਪਣੇ ਅਤੇ ਆਪਣੀ ਮਾਂ ਦੇ ਖਾਤੇ ਵਿੱਚੋਂ ਵਾਰ-ਵਾਰ ਪੈਸੇ ਭੇਜਦਾ ਰਿਹਾ, ਜਿਸ ਨਾਲ ਠੱਗਾਂ ਨੇ ਉਸਦੇ ਕੁੱਲ 7,96,200 ਰੁਪਏ ਠੱਗ ਲਏ। ਜਦੋਂ ਕੁਝ ਸਮੇਂ ਬਾਅਦ ਫੋਨ ਆਉਣੇ ਬੰਦ ਹੋ ਗਏ, ਤਾਂ ਸ਼ਿਵਮ ਨੂੰ ਅਹਿਸਾਸ ਹੋਇਆ ਕਿ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਪੀੜਤ ਨੇ 5 ਦਸੰਬਰ 2025 ਨੂੰ ਸਾਈਬਰ ਕ੍ਰਾਈਮ ਥਾਣਾ ਝਾਂਸੀ ਵਿੱਚ ਲਿਖਤੀ ਸ਼ਿਕਾਇਤ (ਤਹਿਰੀਰ) ਦੇ ਕੇ ਮੁਕੱਦਮਾ ਦਰਜ ਕਰਵਾਇਆ। ਪੁਲਸ ਹੁਣ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਮੈਸੀ ਦੇ 'GOAT Tour' ਦੌਰਾਨ ਭਖ਼ ਗਿਆ ਮਾਹੌਲ ! ਲੋਕਾਂ ਨੇ ਮਾਰੀਆਂ ਬੋਤਲਾਂ, ਚੱਲੇ ਘਸੁੰਨ-ਮੁੱਕੇ
NEXT STORY