ਰੂਦਰਪ੍ਰਯਾਗ - ਉੱਤਰਾਖੰਡ ਦੀ ਵਿਸ਼ਵ ਪ੍ਰਸਿੱਧ ਕੇਦਾਰਨਾਥ ਯਾਤਰਾ ਨੇ ਇਸ ਸਾਲ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮਹਿਜ਼ 39 ਦਿਨਾਂ ਦੇ ਅੰਦਰ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ । ਚਾਰਧਾਮ ਯਾਤਰਾ ਦੇ ਇਤਿਹਾਸ 'ਚ ਇੰਨੀ ਥੋੜ੍ਹੀ ਮਿਆਦ 'ਚ ਇੰਨੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਦਾ ਪਹੁੰਚਣਾ ਇਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ। ਬਾਬਾ ਕੇਦਾਰ ਪ੍ਰਤੀ ਭਗਤਾਂ ਦੀ ਅਟੁੱਟ ਸ਼ਰਧਾ ਅਤੇ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ ਨੇ ਇਸ ਯਾਤਰਾ ਨੂੰ ਯਾਦਗਾਰ ਬਣਾ ਦਿੱਤਾ ਹੈ।
ਭਗਵਾਨ ਕੇਦਾਰਨਾਥ ਦੇ ਕਪਾਟ 22 ਅਪ੍ਰੈਲ ਨੂੰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਖੋਲ੍ਹੇ ਗਏ ਸਨ। ਉਦੋਂ ਤੋਂ ਹੀ ਦੇਸ਼-ਵਿਦੇਸ਼ ਤੋਂ ਭਗਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਰੁਦਰਪ੍ਰਯਾਗ ਦੀ ਪੁਲਸ ਸੁਪਰਡੈਂਟ ਨਿਹਾਰਿਕਾ ਤੋਮਰ ਨੇ ਦੱਸਿਆ ਕਿ ਰੋਜ਼ਾਨਾ 25 ਹਜ਼ਾਰ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਧਾਮ ਪਹੁੰਚ ਰਹੇ ਹਨ ਅਤੇ ਵੀਕੈਂਡ 'ਤੇ ਇਹ ਗਿਣਤੀ ਹੋਰ ਵੀ ਵਧ ਜਾਂਦੀ ਹੈ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੁਲਸ, ਸੀ.ਡੀ.ਆਰ.ਐੱਫ., ਡੀ.ਡੀ.ਆਰ.ਐੱਫ. ਅਤੇ ਸਿਹਤ ਵਿਭਾਗ ਦੀਆਂ ਟੀਮਾਂ ਯਾਤਰਾ ਮਾਰਗ 'ਤੇ ਤਾਇਨਾਤ ਹਨ।
ਯਾਤਰਾ ਮਾਰਗ 'ਤੇ ਸੁਰੱਖਿਆ ਵਿਵਸਥਾ ਨੂੰ ਬੇਹੱਦ ਸਖ਼ਤ ਰੱਖਿਆ ਗਿਆ ਹੈ। ਸੀ.ਸੀ.ਟੀ.ਵੀ. ਕੈਮਰਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਵੀ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹੁਣ ਤੱਕ ਲੱਖਾਂ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਐਸ.ਪੀ. ਤੋਮਰ ਨੇ ਸਪੱਸ਼ਟ ਕੀਤਾ ਕਿ ਯਾਤਰਾ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਿਕਾਰਡ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂਆਂ ਕਾਰਨ ਸਥਾਨਕ ਵਪਾਰੀਆਂ ਅਤੇ ਰੁਜ਼ਗਾਰ ਨਾਲ ਜੁੜੇ ਲੋਕਾਂ ਦੇ ਚਿਹਰੇ ਖਿੜ ਗਏ ਹਨ। ਹੋਟਲ ਮਾਲਕਾਂ, ਟੈਕਸੀ ਚਾਲਕਾਂ, ਘੋੜਾ-ਖੱਚਰ ਸੰਚਾਲਕਾਂ ਅਤੇ ਸਥਾਨਕ ਦੁਕਾਨਦਾਰਾਂ ਦੀ ਆਮਦਨ 'ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਨਵੀਂ ਰਫਤਾਰ ਮਿਲੀ ਹੈ।
ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਜੇਕਰ ਸ਼ਰਧਾਲੂਆਂ ਦੀ ਇਹੀ ਰਫਤਾਰ ਜਾਰੀ ਰਹੀ ਤਾਂ ਇਸ ਸਾਲ ਯਾਤਰਾ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਸਕਦੇ ਹਨ। ਹਾਲਾਂਕਿ ਮੌਸਮ ਅਤੇ ਭੂਗੋਲਿਕ ਸਥਿਤੀਆਂ ਚੁਣੌਤੀਪੂਰਨ ਹਨ, ਪਰ ਸ਼ਰਧਾਲੂਆਂ ਦਾ ਉਤਸ਼ਾਹ ਘੱਟ ਨਹੀਂ ਹੋ ਰਿਹਾ।
ਇਨ੍ਹਾਂ ਰਾਸ਼ੀਆਂ ਨੂੰ ਮਿਲਣ ਵਾਲਾ ਹੈ ਬੰਪਰ ਲਾਭ! ਹੋਵੇਗੀ ਨੋਟਾਂ ਦੀ ਬਾਰਿਸ਼
NEXT STORY