ਪਟਿਆਲਾ/ਨਵੀਂ ਦਿੱਲੀ (ਪਰਮੀਤ)—ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਨੰਦ ਮੈਰਿਜ ਐਕਟ ਕੇਰਲਾ ਵਿਚ ਲਾਗੂ ਹੋ ਗਿਆ ਹੈ। ਇਸ ਫੈਸਲੇ ਮਗਰੋਂ ਹੁਣ ਰਾਜ ਵਿਚ ਰਹਿੰਦੇ ਸਿੱਖ ਇਸ ਐਕਟ ਅਧੀਨ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣਗੇ।
ਇਥੇ ਜਾਰੀ ਇਕ ਬਿਆਨ ਵਿਚ ਸ. ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਰਲਾ ਸਰਕਾਰ ਦੇ ਕਾਨੂੰਨ ਵਿਭਾਗ ਦੇ ਕਾਨੂੰਨ ਸਕੱਤਰ ਤੋਂ ਸੂਚਨਾ ਪ੍ਰਾਪਤ ਹੋਈ ਹੈ। ਇਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਰਾਜ ਵਿਚ ਐਕਟ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਮਾਲੀਆ ਜ਼ਿਲਾ ਵਿਚ ਪੰਚਾਇਤ ਦਾ ਡਿਪਟੀ ਡਾਇਰੈਕਟਰ ਉਕਤ ਮਾਲੀਆ ਜ਼ਿਲੇ ਦਾ ਰਜਿਸਟਰਾਰ (ਮੈਰਿਜ ਰਜਿਸਟਰਾਰ) ਹੋਵੇਗਾ ਜੋ ਆਪਣੇ ਅਧੀਨ ਖੇਤਰ ਵਿਚ ਐਕਟ ਤਹਿਤ ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਕਰੇਗਾ। ਸਿੱਖ ਹੁਣ ਹਿੰਦੂ ਮੈਰਿਜ ਐਕਟ ਦੀ ਥਾਂ ਅਨੰਦ ਮੈਰਿਜ ਐਕਟ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣਗੇ। ਉਨ੍ਹਾਂ ਨੂੰ ਹਿੰਦੂ ਮੈਰਿਜ ਐਕਟ ਦੀ ਥਾਂ ਅਨੰਦ ਮੈਰਿਜ ਐਕਟ ਤਹਿਤ ਰਜਿਸਟਰੇਸ਼ਨ ਸਰਟੀਫਿਕੇਟ ਪ੍ਰਾਪਤ ਹੋ ਸਕੇਗਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਉਹ ਇਸ ਐਕਟ ਨੂੰ ਲਾਗੂ ਕਰਨ ਦਾ ਫੈਸਲਾ ਲੈਣ ਲਈ ਕੇਰਲਾ ਸਰਕਾਰ ਦੇ ਧੰਨਵਾਦੀ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਫਨਾ ਸੀ ਕਿ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋਵੇ ਤਾਂ ਜੋ ਲੋਕਾਂ ਖਾਸ ਤੌਰ 'ਤੇ ਜੋ ਵਿਦੇਸ਼ਾਂ ਵਿਚ ਰਹਿੰਦੇ ਹਨ, ਨੂੰ ਐਕਟ ਤਹਿਤ ਸਰਟੀਫਿਕੇਟ ਨਾ ਹੋਣ 'ਤੇ ਦਰਪੇਸ਼ ਮੁਸ਼ਕਲਾਂ ਦੂਰ ਕੀਤੀਆਂ ਜਾ ਸਕਣ। ਇਹ ਐਕਟ ਹੁਣ ਦੇਸ਼ ਦੇ ਬਹੁ-ਗਿਣਤੀ ਰਾਜਾਂ ਵਿਚ ਲਾਗੂ ਹੋ ਗਿਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਰਹਿੰਦੇ ਰਾਜਾਂ ਵਿਚ ਵੀ ਇਹ ਜਲਦ ਹੀ ਲਾਗੂ ਹੋ ਜਾਵੇਗਾ।
ਪੂਰੀ ਤਰ੍ਹਾਂ ਸਿਹਤਮੰਦ ਹਨ MDH ਦੇ ਮਾਲਕ ਧਰਮਪਾਲ ਗੁਲਾਟੀ, ਦਿਹਾਂਤ ਦੀ ਖਬਰ ਝੂਠੀ
NEXT STORY