ਬਿਸ਼ਕੇਕ/ਨਵੀਂ ਦਿੱਲੀ (ਭਾਸ਼ਾ)— ਕਿਰਗਿਸਤਾਨ ਵਿਚ ਅੱਜ ਭਾਵ ਬੁੱਧਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਹੋ ਰਹੀ ਹੈ। ਬੈਠਕ ਵਿਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਦੇ ਸੈਰ ਸਪਾਟਾ ਮੰਤਰਾਲੇ ਦੀ ਵੈਬਸਾਈਟ 'ਤੇ ਅਗਲੇ ਮਹੀਨੇ ਦੇ ਅਖੀਰ ਵਿਚ ਰੂਸੀ ਭਾਸ਼ਾ ਵਿਚ ਇਕ ਇੰਟਰਫੇਸ ਦੇ ਨਾਲ ਹੀ ਰੂਸੀ ਭਾਸ਼ਾ ਵਿਚ 24x7 ਸੈਲਾਨੀ ਹੈਲਪਲਾਈਨ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸੈਲਾਨੀਆਂ ਨੂੰ ਆਸਾਨੀ ਹੋ ਸਕੇ।
ਜ਼ਿਕਰਯੋਗ ਹੈ ਕਿ ਰੂਸ, ਚੀਨ, ਕਿਰਗਿਸਤਾਨ ਗਣਰਾਜ, ਕਜਾਖਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ ਸਾਲ 2001 ਵਿਚ ਸ਼ੰਘਾਈ ਵਿਚ ਇਕ ਸਿਖਰ ਸੰਮੇਲਨ ਵਿਚ ਐੱਸ.ਸੀ.ਓ. ਦੀ ਸਥਾਪਨਾ ਕੀਤੀ ਸੀ। ਭਾਰਤ 2005 ਤੱਕ ਐੱਸ.ਸੀ.ਓ. ਵਿਚ ਇਕ ਸੁਪਰਵਾਈਜ਼ਰ ਸੀ ਅਤੇ ਆਮ ਤੌਰ 'ਤੇ ਸੰਗਠਨ ਦੀ ਮੰਤਰੀ ਪੱਧਰੀ ਬੈਠਕਾਂ ਵਿਚ ਹਿੱਸਾ ਲੈਂਦਾ ਸੀ, ਜੋ ਮੁੱਖ ਰੂਪ ਨਾਲ ਯੂਰੇਸ਼ੀਆਈ ਖੇਤਰ ਵਿਚ ਸੁਰੱਖਿਆ ਅਤੇ ਆਰਥਿਕ ਸਹਿਯੋਗ 'ਤੇ ਕੇਂਦਰਿਤ ਰਹਿੰਦੀ ਸੀ। ਭਾਰਤ ਅਤੇ ਪਾਕਿਸਤਾਨ ਨੂੰ ਸਾਲ 2017 ਵਿਚ ਐੱਸ.ਸੀ.ਓ. ਦੀ ਮੈਂਬਰਸ਼ਿਪ ਦਿੱਤੀ ਗਈ।
ਸ਼ੰਘਾਈ ਸਹਿਯੋਗ ਸੰਗਠਨ ਦੀ ਵਿਦੇਸ਼ ਮੰਤਰੀ ਪਰੀਸ਼ਦ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਸੁਸ਼ਮਾ ਨੇ ਕਿਹਾ,''ਸੈਰ ਸਪਾਟਾ ਵੀ ਅਜਿਹਾ ਇਕ ਪ੍ਰੇਰਕ ਹੈ। ਅਸੀਂ ਇਸ ਨੂੰ ਵਧਾਵਾ ਦੇਣ ਲਈ ਸਰਗਰਮ ਸਹਿਯੋਗ ਕਰ ਸਕਦੇ ਹਾਂ। ਅਸੀਂ 2019-20 ਵਿਚ ਸੈਰ ਸਪਾਟਾ ਦੇ ਖੇਤਰ ਵਿਚ ਸਹਿਯੋਗ ਲਈ ਐੱਸ.ਸੀ.ਓ. ਦੀ ਸੰਯੁਕਤ ਕਾਰਜ ਯੋਜਨਾ ਨੂੰ ਲਾਗੂ ਕਰਨ ਨੂੰ ਲੈ ਕੇ ਗੰਭੀਰਤਾ ਨਾਲ ਵਚਨਬੱਧ ਹਾਂ।'' ਉਨ੍ਹਾਂ ਨੇ ਅੱਗੇ ਕਿਹਾ ਕਿ ਸੈਰ ਸਪਾਟਾ ਮੰਤਰਾਲੇ ਦੀ ਵੈਬਸਾਈਟ 'ਤੇ ਜੂਨ ਦੇ ਅਖੀਰ ਤੱਕ ਰੂਸੀ ਇੰਟਰਫੇਸ ਹੋਵੇਗਾ ਅਤੇ 24 ਘੰਟੇ ਖੁੱਲ੍ਹੀ ਰਹਿਣ ਵਾਲੀ ਰੂਸੀ ਭਾਸ਼ਾ ਦੀ ਸੈਲਾਨੀ ਹੈਲਪਲਾਈਨ ਵੀ ਸ਼ੁਰੂ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਐੱਸ.ਸੀ.ਓ. ਦੇ ਜ਼ਿਆਦਾਤਰ ਰਾਸ਼ਟਰ ਰੂਸੀ ਭਾਸ਼ਾ ਬੋਲਦੇ ਹਨ।
ਨਿੱਜੀ ਸਕੂਲਾਂ ਲਈ ਸੀ.ਬੀ.ਐੱਸ.ਈ. ਜਾਰੀ ਕਰੇ ਦਿਸ਼ਾ-ਨਿਰਦੇਸ਼ : ਪ੍ਰਕਾਸ਼ ਜਾਵਡੇਕਰ
NEXT STORY