ਸ਼੍ਰੀਨਗਰ (ਭਾਸ਼ਾ)-ਕੇਂਦਰ ਸ਼ਾਸਿਤ ਸੂਬੇ ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਇਕੋ-ਇਕ ਰਾਸ਼ਟਰੀ ਰਾਜਮਾਰਗ ਦੇ ਪਿਛਲੀ 1 ਜਨਵਰੀ ਤੋਂ ਬਰਫ਼ਬਾਰੀ ਅਤੇ ਬਰਫ ਖਿਸਕਣ ਦੀਆਂ ਘਟਨਾਵਾਂ ਕਾਰਨ ਬੰਦ ਰਹਿਣ ਕਾਰਨ ਪ੍ਰਸ਼ਾਸਨ ਨੇ ਕਾਰਗਿਲ, ਸ਼੍ਰੀਨਗਰ ਤੇ ਜੰਮੂ ਵਿਚਾਲੇ ਸ਼ਨੀਵਾਰ ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਏ. ਐੱਨ. 32 ਦੀਆਂ ਚਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰੁਕ-ਰੁਕ ਕੇ ਬਰਫਬਾਰੀ ਹੋਣ ਦੇ ਨਾਲ-ਨਾਲ ਬਰਫ ਖਿਸਕਣ ਕਾਰਣ 434 ਕਿਲੋਮੀਟਰ ਲੰਮੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਨੂੰ ਫਿਰ ਤੋਂ ਖੋਲ੍ਹਣ ’ਚ ਦੇਰੀ ਹੋ ਰਹੀ ਹੈ, ਜੋ ਇਸ ਸਾਲ 1 ਜਨਵਰੀ ਤੋਂ ਬੰਦ ਪਿਆ ਹੈ।
ਉਨ੍ਹਾਂ ਦੱਸਿਆ ਕਿ ਹਾਲਾਂਕਿ ਤਾਜ਼ਾ ਬਰਫ਼ਬਾਰੀ ਹੋਣ ਨਾਲ ਪਹਿਲਾਂ ਸੜਕ ਨੂੰ ਕੁਝ ਘੰਟਿਆਂ ਲਈ ਖੋਲ੍ਹਿਆ ਗਿਆ ਸੀ ਪਰ ਮਾਰਚ ਦੇ ਪਹਿਲੇ ਹਫ਼ਤੇ ’ਚ ਸੜਕ ਨੂੰ ਫਿਰ ਬੰਦ ਕਰ ਦਿੱਤਾ ਗਿਆ। ਹਾਲ ਹੀ ’ਚ ਜ਼ੋਜਿਲਾ ਦੱਰੇ ’ਚ ਬਰਫ਼ ਹਟਾਉਣ ਦੌਰਾਨ ਪਹਾੜਾਂ ਦੀ ਲਪੇਟ ’ਚ ਆਉਣ ਨਾਲ ਬੀਕੋਨ ਪ੍ਰਾਜੈਕਟ ਦੇ ਇਕ ਚਾਲਕ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਤੌਰ ’ਤੇ ਸੋਨਮਰਗ-ਜ਼ੋਜਿਲਾ-ਜ਼ੀਰੋ ਪੁਆਇੰਟ ਅਤੇ ਮੀਨਮਰਗ ਵਿਚਾਲੇ ਖਰਾਬ ਮੌਸਮ ਤੇ ਪਹਾੜ ਡਿੱਗਣ ਦੀ ਚੇਤਾਵਨੀ ਦੇ ਬਾਵਜੂਦ ਬੀਕੋਨ ਪ੍ਰਾਜੈਕਟ ਦੇ ਕਰਮਚਾਰੀ ਸੜਕ ਤੋਂ ਬਰਫ ਹਟਾਉਣ ਦੇ ਕੰਮ ’ਚ ਲੱਗੇ ਹੋਏ ਹਨ। ਸ਼੍ਰੀਨਗਰ-ਲੇਹ ਰਾਜਮਾਰਗ ਦੇ ਆਲਵੈਦਰ ਰੋਡ ਬਣਾਉਣ ਲਈ ਜ਼ੋਜਿਲਾ ’ਚ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ਼ਨੀਵਾਰ ਤੋਂ ਹਾਲਾਂਕਿ ਏ. ਐੱਨ. 32 ਦੀਆਂ ਦੋ-ਦੋ ਉਡਾਣਾਂ ਕਾਰਗਿਲ-ਸ਼੍ਰੀਨਗਰ ਤੇ ਕਾਰਗਿਲ-ਜੰਮੂ ਵਿਚਾਲੇ ਚਲਾਈਆਂ ਗਈਆਂ। ਇਸ ਸਾਲ ਦੀਆਂ ਸਰਦੀਆਂ ’ਚ ਰਾਜਮਾਰਗ ਬੰਦ ਹੋਣ ਤੋਂ ਬਾਅਦ ਲੇਹ, ਕਾਰਗਿਲ ਤੋਂ ਜੰਮੂ, ਸ਼੍ਰੀਨਗਰ ਅਤੇ ਚੰਡੀਗੜ੍ਹ ਵਿਚਾਲੇ ਕਈ ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਇਆ ਗਿਆ ਹੈ।
‘ਕੋਰੋਨਾ’ ਨਾਲ ਨਜਿੱਠਣ ’ਚ ਖੁੱਲ੍ਹ ਗਈ ਮੋਦੀ ਸਰਕਾਰ ਦੀ ਪੋਲ: ਸੋਨੀਆ ਗਾਂਧੀ
NEXT STORY