ਮੁੰਬਈ : ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਆਨਲਾਈਨ ਫੂਡ ਡਿਲਿਵਰੀ ਅਤੇ ਕੁਇੱਕ-ਕਾਮਰਸ ਪਲੇਟਫਾਰਮਾਂ 'ਤੇ ਵੱਡੀ ਕਾਰਵਾਈ ਕਰਦਿਆਂ 14 ਫੂਡ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਹ ਸਖ਼ਤ ਕਾਰਵਾਈ 13 ਅਗਸਤ, 2026 ਨੂੰ ਸੂਬੇ ਭਰ ਵਿੱਚ ਚਲਾਈ ਗਈ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਐਫ.ਡੀ.ਏ. ਨੇ ਬਲਿੰਕਇਟ (Blinkit), ਜ਼ੈਪਟੋ (Zepto) ਅਤੇ ਇੰਸਟਾਮਾਰਟ (Instamart) ਵਰਗੀਆਂ ਪ੍ਰਮੁੱਖ ਡਿਲਿਵਰੀ ਕੰਪਨੀਆਂ ਦੇ ਕੁੱਲ 86 ਵੇਅਰਹਾਊਸਾਂ (ਡਾਰਕ ਸਟੋਰਾਂ) ਦੀ ਜਾਂਚ ਕੀਤੀ। ਇਸ ਦੌਰਾਨ ਇੱਕ ਕੇਂਦਰ ਨੂੰ ਆਰਜ਼ੀ ਤੌਰ 'ਤੇ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ, ਜਦਕਿ 60 ਸੁਧਾਰ ਨੋਟਿਸ ਜਾਰੀ ਕੀਤੇ ਗਏ ਹਨ। ਹਾਲਾਂਕਿ, ਵਿਭਾਗ ਵੱਲੋਂ ਅਜੇ ਤੱਕ ਕਿਸੇ ਵੀ ਫਰਮ ਦਾ ਲਾਇਸੈਂਸ ਰੱਦ ਨਹੀਂ ਕੀਤਾ ਗਿਆ ਹੈ।
ਜਿਨ੍ਹਾਂ 14 ਲਾਇਸੈਂਸਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ 5 ਲਾਇਸੈਂਸ ਬਲਿੰਕਇਟ (Blinkit), 5 ਲਾਇਸੈਂਸ ਜ਼ੈਪਟੋ (Zepto), 2 ਲਾਇਸੈਂਸ ਇੰਸਟਾਮਾਰਟ (Instamart) ਦੇ ਹਨ। ਇਸ ਤੋਂ ਇਲਾਵਾ ਭਗਵਤੀ ਸਟੋਰ (Bhagwati Store) ਅਤੇ ਸਵਿਨਸਟਾ ਈ.ਐਨ.ਟੀ. ਪ੍ਰਾਈਵੇਟ ਲਿਮਟਿਡ (Swinsta ENT Pvt. Ltd.) ਦੇ ਲਾਇਸੈਂਸ ਵੀ ਮੁਅੱਤਲ ਕੀਤੇ ਗਏ ਹਨ।
ਐਫ.ਡੀ.ਏ. ਦੀ ਜਾਂਚ ਵਿੱਚ ਮੁੰਬਈ ਦੇ ਕਈ ਪ੍ਰਮੁੱਖ ਵੇਅਰਹਾਊਸਾਂ ਵਿੱਚ ਸਫਾਈ ਅਤੇ ਸੁਰੱਖਿਆ ਦੇ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਪਾਈਆਂ ਗਈਆਂ। ਘਾਟਕੋਪਰ ਵਿੱਚ ਬਲਿੰਕ ਕਾਮਰਸ ਕੇਂਦਰ ਨੂੰ ਜਾਂਚ ਵਿੱਚ 74 ਵਿੱਚੋਂ ਸਿਰਫ਼ 34 ਅੰਕ (46 ਫੀਸਦੀ) ਮਿਲੇ। ਇੱਥੇ ਗੰਦੇ ਸਟੋਰੇਜ ਰੈਕ, ਸੜੀਆਂ ਹੋਈਆਂ ਸਬਜ਼ੀਆਂ, ਕਾਕਰੋਚਾਂ ਦੀ ਭਰਮਾਰ, ਟੁੱਟੀਆਂ ਛੱਤਾਂ ਤੇ ਫਰਸ਼, ਅਤੇ ਕਰਮਚਾਰੀਆਂ ਦੇ ਮੈਡੀਕਲ ਰਿਕਾਰਡ ਗਾਇਬ ਸਨ। ਬਾਂਦਰਾ ਵੈਸਟ ਵਿੱਚ ਰਾਜੀਦੀ ਰਿਟੇਲ ਕੇਂਦਰ ਨੂੰ 136 ਵਿੱਚੋਂ ਸਿਰਫ਼ 60 ਅੰਕ (45 ਫੀਸਦੀ) ਮਿਲੇ। ਜਾਂਚ ਦੌਰਾਨ ਉੱਥੇ ਧੂੜ, ਮਕੜੀ ਦੇ ਜਾਲੇ, ਭੋਜਨ ਦੀ ਰਹਿੰਦ-ਖੂੰਹਦ ਅਤੇ ਚੂਹਿਆਂ ਦੀਆਂ ਮੀਂਗਣਾਂ ਮਿਲੀਆਂ। ਮਲਾਡ ਵੈਸਟ ਵਿੱਚ ਬਲਿੰਕ ਕਾਮਰਸ ਕੇਂਦਰ ਨੂੰ 74 ਵਿੱਚੋਂ 40 ਅੰਕ (55 ਫੀਸਦੀ) ਮਿਲੇ। ਇੱਥੇ ਚਿਲਰ ਦਾ ਤਾਪਮਾਨ 6 ਡਿਗਰੀ ਸੈਲਸੀਅਸ ਪਾਇਆ ਗਿਆ ਅਤੇ ਲਗਭਗ 40 ਕਰਮਚਾਰੀਆਂ ਦੇ ਮੈਡੀਕਲ ਰਿਕਾਰਡ ਗਾਇਬ ਸਨ। ਲੋਹੇਗਾਓਂ (ਪੁਣੇ) ਵਿੱਚ ਜ਼ੈਪਟੋ ਕੇਂਦਰ ਵਿੱਚ ਫ੍ਰੀਜ਼ਰ ਵਿੱਚ ਤਾਪਮਾਨ ਦੀ ਦੁਰਵਰਤੋਂ, ਮਿਆਦ ਪੁੱਗ ਚੁੱਕੇ ਉਤਪਾਦਾਂ ਦੀ ਮੌਜੂਦਗੀ ਅਤੇ ਮਾੜੇ ਪੈਸਟ ਕੰਟਰੋਲ ਕਾਰਨ ਲਾਇਸੈਂਸ ਮੁਅੱਤਲ ਕੀਤਾ ਗਿਆ। ਸਵਿਨਸਟਾ ਈ.ਐਨ.ਟੀ. (ਪੁਣੇ) ਵਿਚ ਕਾਕਰੋਚਾਂ ਦੀ ਭਰਮਾਰ ਅਤੇ ਕੋਲਡ ਚੇਨ ਦੀ ਮਾੜੀ ਸਾਂਭ-ਸੰਭਾਲ ਵਰਗੀਆਂ ਖਾਮੀਆਂ ਸਾਹਮਣੇ ਆਈਆਂ।
ਸਰਕਾਰੀ ਵਾਹਨਾਂ ਲਈ ਫੈਂਸੀ ਤੇ VIP ਨੰਬਰਾਂ 'ਤੇ ਲੱਗੀ ਰੋਕ, CM ਫੜਨਵੀਸ ਵੱਲੋਂ ਨਿਯਮ ਸਖ਼ਤ
NEXT STORY