ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਜਵਾਹਰ ਤਾਲੁਕਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਆਸ਼ਰਮ ਸਕੂਲ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਹੀਰਾਦਪਾੜਾ ਗਗਨਗਿਰੀ ਆਸ਼ਰਮ ਸਕੂਲ ਦੇ ਪੰਜ ਵਿਦਿਆਰਥੀ ਸਰਸੁਣ ਪਿੰਡ ਵਿੱਚ ਨਵਰਾਤਰੀ ਉਤਸਵ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਹੋਸਟਲ ਤੋਂ ਚੋਰੀ-ਛਿਪੇ ਬਾਹਰ ਨਿਕਲੇ ਸਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜੇ ਵਿਦਿਆਰਥੀ ਹੋਸਟਲ ਤੋਂ ਚੋਰੀ-ਛਿਪੇ ਨਿਕਲ ਕੇ ਇੱਕ ਹੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਏ ਸਨ। 19 ਅਕਤੂਬਰ ਦੀ ਤੜਕੇ ਲਗਭਗ 2:30 ਤੋਂ 3:00 ਵਜੇ ਦੇ ਵਿਚਕਾਰ ਸਕੂਲ ਵਾਪਸ ਆਉਂਦੇ ਸਮੇਂ ਕੋਂਗੜੀ ਘਾਟ 'ਤੇ ਉਨ੍ਹਾਂ ਦੀ ਮੋਟਰਸਾਈਕਲ ਫਿਸਲ ਕੇ ਸੜਕ ਕਿਨਾਰੇ ਖੱਡੇ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਸੁਮਿਤ ਮੋਤੀਰਾਮ ਭਿੰਗਲ (18) ਤੇ ਪ੍ਰੀਤਮ ਗਣੇਸ਼ ਪੋਟਿੰਡਾ (15) ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਇੱਕ ਵਾਹਨ ਚਾਲਕ ਨੇ ਜਵਾਹਰ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤਾਂ ਨੂੰ ਪਹਿਲਾਂ ਜਵਾਹਰ ਦੇ ਹਸਪਤਾਲ ਲਿਜਾਇਆ ਗਿਆ, ਪਰ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਾਅਦ ਵਿੱਚ ਉਨ੍ਹਾਂ ਨੂੰ ਨਾਸਿਕ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਘਟਨਾ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ, ਹੋਸਟਲ ਵਾਰਡਨ ਅਤੇ ਰਾਤ ਦੀ ਡਿਊਟੀ ਵਾਲੇ ਚੌਕੀਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਕੀਕ੍ਰਿਤ ਆਦਿਵਾਸੀ ਵਿਕਾਸ ਪ੍ਰੋਜੈਕਟ ਦੀ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਸਕੂਲ ਦੀ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ, ਗੈਰ-ਰਿਹਾਇਸ਼ੀ ਵਿਦਿਆਰਥੀਆਂ ਨੂੰ ਵੀ ਹੋਸਟਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਪਹਿਲਾਂ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ। ਇੱਕ ਸਥਾਨਕ ਸੰਗਠਨ ਨੇ ਸਕੂਲ ਦੇ ਪ੍ਰਿੰਸੀਪਲ, ਹੋਸਟਲ ਵਾਰਡਨ, ਰਾਤ ਦੀ ਡਿਊਟੀ ਵਾਲੇ ਚੌਕੀਦਾਰ ਅਤੇ ਪ੍ਰਬੰਧਕੀ ਟਰੱਸਟੀਆਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਤਹਿਤ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
RSS ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਮਹਾਨ ਕੰਮ 'ਚ ਜੁਟਿਆ ਹੈ: ਅਮਿਤ ਸ਼ਾਹ
NEXT STORY