ਮੁੰਬਈ (ਬਿਊਰੋ) : ਅੱਜ ਭਾਰਤ ਰਤਨ ਲਤਾ ਮੰਗੇਸ਼ਕਰ ਦਾ 93ਵਾਂ ਜਨਮ ਦਿਹਾੜਾ ਹੈ। ਇਸ ਖ਼ਾਸ ਮੌਕੇ 'ਤੇ ਸੀ. ਐੱਮ. ਯੋਗੀ ਅੱਜ ਰਾਮਨਗਰੀ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਉਦਘਾਟਨ ਕਰਨਗੇ। ਪੀ. ਐੱਮ. ਮੋਦੀ ਨੇ ਟਵੀਟ ਕਰਕੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਪੀ. ਐੱਮ. ਮੋਦੀ ਨੇ ਲਤਾ ਮੰਗੇਸ਼ਕਰ ਦੇ 93ਵੇਂ ਜਨਮ ਦਿਹਾੜੇ 'ਤੇ ਟਵੀਟ ਕੀਤਾ ਅਤੇ ਲਿਖਿਆ ਕਿ, ''ਲਤਾ ਦੀਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ਰਧਾਂਜਲੀ। ਬਹੁਤ ਕੁਝ ਹੈ ਜੋ ਮੈਨੂੰ ਯਾਦ ਹੈ... ਉਹ ਅਣਗਿਣਤ ਵਾਰਤਾਲਾਪਾਂ 'ਚ ਮੇਰੇ 'ਤੇ ਪਿਆਰ ਦੀ ਵਰਖਾ ਕਰਦੀ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਅਯੁੱਧਿਆ 'ਚ ਇੱਕ ਚੌਕ ਦਾ ਨਾਂ ਉਨ੍ਹਾਂ ਦੇ ਨਾਮ 'ਤੇ ਰੱਖਿਆ ਜਾਵੇਗਾ। ਇਹ ਉਨ੍ਹਾਂ ਦੇ ਪ੍ਰਤੀ ਢੁਕਵੀਂ ਸ਼ਰਧਾਂਜਲੀ ਹੈ।''

ਮੀਡੀਆ ਰਿਪੋਰਟਸ ਮੁਤਾਬਕ, ਭਾਰਤ ਰਤਨ ਲਤਾ ਮੰਗੇਸ਼ਕਰ ਦੀ 93ਵੀਂ ਜਯੰਤੀ ਦੇ ਮੌਕੇ ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿਤਿਯਾਨਾਥ ਅੱਜ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਉਦਘਾਟਨ ਕਰਨਗੇ। ਇਸ ਮੌਕੇ ਪੀ. ਐੱਮ. ਮੋਦੀ ਦਾ ਇੱਕ ਵੀਡੀਓ ਸੰਦੇਸ਼ ਵੀ ਸੁਣਾਇਆ ਜਾਵੇਗਾ।

ਇਸ ਚੌਂਕ ਦੀ ਖ਼ਾਸ ਗੱਲ ਇਹ ਹੈ ਕਿ ਇਸ ਚੌਂਕ ਨੂੰ ਬਾਲੀਵੁੱਡ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ 'ਚ ਬਣਾਇਆ ਗਿਆ ਹੈ। ਅਯੁੱਧਿਆ ਦੇ ਇਸ ਚੌਕ 'ਤੇ 40 ਫੁੱਟ ਲੰਬੀ ਵੀਣਾ ਲਗਾਈ ਗਈ ਹੈ, ਜਿਸ ਦਾ ਵਜ਼ਨ ਲਗਭਗ 14 ਟਨ ਹੈ। ਇਸ ਵੀਨਾ ਨੂੰ ਮਾਸਟਰ ਸ਼ਿਲਪਕਾਰ ਰਾਮ ਵਾਂਜੀ ਸੁਤਾਰ ਨੇ ਡਿਜ਼ਾਈਨ ਕੀਤਾ ਹੈ।

ਰਾਮ ਵਨਜੀ ਸੁਤਾਰ ਨੇ ਗੁਜਰਾਤ 'ਚ ਸਟੈਚੂ ਆਫ਼ ਯੂਨਿਟੀ (ਦੁਨੀਆ ਦੀ ਸਭ ਤੋਂ ਉੱਚੀ ਮੂਰਤੀ) ਨੂੰ ਵੀ ਡਿਜ਼ਾਈਨ ਕੀਤਾ ਸੀ। ਰਾਮ ਸੁਤਾਰ ਵੀ ਆਪਣੇ ਪੁੱਤਰ ਨਾਲ ਅਯੁੱਧਿਆ ਪਹੁੰਚ ਚੁੱਕੇ ਹਨ।

ਜਾਣਕਾਰੀ ਮੁਤਾਬਕ ਵੀਣਾ ਅਯੁੱਧਿਆ ਦੇ ਮਸ਼ਹੂਰ ਨਯਾ ਘਾਟ ਕਰਾਸਿੰਗ 'ਤੇ ਲਗਾਈ ਜਾਵੇਗੀ, ਜਿਸ ਦਾ ਨਾਂ ਹੁਣ ਭਾਰਤ ਰਤਨ ਐਵਾਰਡੀ ਮਰਹੂਮ ਲਤਾ ਮੰਗੇਸ਼ਕਰ ਦੇ ਨਾਂ 'ਤੇ ਰੱਖਿਆ ਗਿਆ ਹੈ। ਨੋਇਡਾ ਸਥਿਤ ਆਰਕੀਟੈਕਟ ਰੰਜਨ ਮੋਹੰਤੀ ਨੇ ਇਸ ਸਮ੍ਰਿਤੀ ਚੌਕ ਨੂੰ ਡਿਜ਼ਾਈਨ ਕੀਤਾ ਹੈ। ਵੀਣਾ ਦੀ ਸਥਾਪਨਾ ਦੇ ਨਾਲ ਹੀ ਇੱਥੇ ਲਤਾ ਮੰਗੇਸ਼ਕਰ ਦੇ ਪ੍ਰਸਿੱਧ ਭਜਨ ਵੀ ਸੁਣੇ ਜਾਣਗੇ। ਸੂਬੇ ਦੀ ਯੋਗੀ ਸਰਕਾਰ ਨੇ ਇਸ ਕੰਮ ਲਈ 7.9 ਕਰੋੜ ਰੁਪਏ ਜਾਰੀ ਕੀਤੇ ਸਨ।



ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ
NEXT STORY