ਲੇਹ- ਕੌਮਾਂਤਰੀ ਵਣ ਦਿਵਸ ਦੇ ਮੌਕੇ 'ਤੇ ਲਦਾਖ ਦੇ ਉਪ ਰਾਜਪਾਲ (LG) ਵਿਨੈ ਕੁਮਾਰ ਸਕਸੈਨਾ ਨੇ ਸਪਿਤੁਕ ਫਾਰਕਾ ਵਿਖੇ 'ਇੰਡਸ ਰਿਵਰ ਗ੍ਰੀਨ ਕੋਰੀਡੋਰ' ਮੁਹਿੰਮ ਦਾ ਆਗਾਜ਼ ਕੀਤਾ। ਇਹ ਆਪਣੀ ਕਿਸਮ ਦਾ ਭਾਰਤ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ ਜੋ ਠੰਢੇ ਰੇਗਿਸਤਾਨੀ ਇਲਾਕੇ ਵਿੱਚ ਨਦੀ ਦੇ ਕੰਢਿਆਂ ਦੀ ਵਾਤਾਵਰਣਕ ਸਥਿਤੀ ਨੂੰ ਸੁਧਾਰਨ ਲਈ ਸ਼ੁਰੂ ਕੀਤਾ ਗਿਆ ਹੈ।
ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸਿੰਧੂ ਨਦੀ ਦੇ ਕੰਢੇ 1 ਹੈਕਟੇਅਰ ਜ਼ਮੀਨ 'ਤੇ ਲਗਭਗ 1000 ਸਥਾਨਕ ਪ੍ਰਜਾਤੀਆਂ ਦੇ ਬੂਟੇ ਲਗਾਏ ਗਏ ਹਨ। ਇਨ੍ਹਾਂ ਵਿੱਚ ਓਲੀਏਸਟਰ, ਸੀਬਕਥੋਰਨ, ਇੰਡੀਅਨ ਵਿਲੋ, ਬਲੈਕ ਪੌਪਲਰ ਅਤੇ ਵਾਈਟ ਵਿਲੋ ਵਰਗੀਆਂ ਸਥਾਨਕ ਪ੍ਰਜਾਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਲੇਹ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਸੜਕਾਂ ਦੇ ਕਿਨਾਰੇ ਚੈਰੀ ਬਲੌਸਮ ਅਤੇ ਖੁਰਮਾਨੀ ਦੇ 1000 ਬੂਟੇ ਵੀ ਲਗਾਏ ਗਏ ਹਨ।

ਉਪ ਰਾਜਪਾਲ ਨੇ ਇਸ ਨੂੰ ਇੱਕ "ਸੱਭਿਅਤਾ ਪ੍ਰੋਜੈਕਟ" ਕਰਾਰ ਦਿੱਤਾ ਅਤੇ ਲਦਾਖ ਵਿੱਚ ਜੰਗਲਾਤ ਖੇਤਰ ਨੂੰ ਮੌਜੂਦਾ 1 ਫੀਸਦੀ ਤੋਂ ਵਧਾ ਕੇ ਅਗਲੇ ਦੋ ਸਾਲਾਂ ਵਿੱਚ 5 ਫੀਸਦੀ ਕਰਨ ਦਾ ਅਭਿਲਾਸ਼ੀ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ਼ ਲਦਾਖ ਦੀ ਸੁੰਦਰਤਾ ਵਧਾਏਗੀ, ਸਗੋਂ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।
ਇਸ ਪ੍ਰੋਜੈਕਟ ਦੀ ਖਾਸ ਗੱਲ ਇਹ ਹੈ ਕਿ ਸਪਿਤੁਕ ਮੱਠ ਨੇ ਇਸ ਲਈ 1 ਹੈਕਟੇਅਰ ਜ਼ਮੀਨ ਦਾਨ ਕੀਤੀ ਹੈ। ਇਸ ਵਿੱਚ ਸਿਵਲ ਪ੍ਰਸ਼ਾਸਨ, ਭਾਰਤੀ ਸੈਨਾ (14 ਕੋਰ), ਆਈ.ਟੀ.ਬੀ.ਪੀ., ਪੁਲਸ ਅਤੇ ਸਥਾਨਕ ਵਿਦਿਆਰਥੀਆਂ ਨੇ ਮਿਲ ਕੇ ਹਿੱਸਾ ਲਿਆ। ਬੂਟਿਆਂ ਦੀ ਸਿੰਚਾਈ ਲਈ ਆਧੁਨਿਕ ਸੋਲਰ ਸਬਮਰਸੀਬਲ ਅਤੇ ਡ੍ਰਿਪ ਇਰੀਗੇਸ਼ਨ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਪਾਣੀ ਦੀ ਬਚਤ ਹੋ ਸਕੇ।

LG ਸਕਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਇੱਕ ਪੇੜ ਮਾਂ ਕੇ ਨਾਮ" ਮੁਹਿੰਮ ਨੂੰ ਲਦਾਖ ਵਿੱਚ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਭਰੋਸਾ ਜਤਾਇਆ ਕਿ ਲਦਾਖ 2030 ਤੱਕ ਦੇਸ਼ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦੇ ਰਾਸ਼ਟਰੀ ਟੀਚੇ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਇੱਕ ਵਿਸ਼ੇਸ਼ ਪੋਸਟਲ ਕਵਰ ਵੀ ਜਾਰੀ ਕੀਤਾ ਗਿਆ।
ਇਰਾਨ ਜੰਗ ਕਾਰਨ ਸਕੂਲਾਂ ਤੇ ਸਰਕਾਰੀ ਦਫਤਰਾਂ 'ਚ ਛੁੱਟੀਆਂ ! ਇਨ੍ਹਾਂ ਗੁਆਂਢੀ ਦੇਸ਼ਾਂ 'ਚ ਪੈਟਰੋਲ-ਡੀਜ਼ਲ ਦਾ ਕੋਟਾ ਫਿਕਸ
NEXT STORY