ਨਵੀਂ ਦਿੱਲੀ— ਕੋਰੋਨਾ ਦੀ ਆਫਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਭਾਵ ਅੱਜ ਸਾਰੇ ਦਲਾਂ ਨਾਲ ਬੈਠਕ ਕੀਤੀ। ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ 'ਚ 21 ਦਿਨਾਂ ਦੇ ਲਾਕਡਾਊਨ ਨੂੰ ਅੱਗੇ ਵਧਾਉਣ ਦੇ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਕਿਹਾ ਕਿ ਮਾਹਰਾਂ ਵਲੋਂ ਸੁਝਾਅ ਆਏ ਹਨ ਕਿ ਲਾਕਡਾਊਨ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਇਸ ਲਈ ਪ੍ਰਧਾਨ ਮੰਤਰੀ ਲਾਕਡਾਊਨ 'ਤੇ ਇਕ ਵਾਰ ਫਿਰ ਤੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 11 ਅਪ੍ਰੈਲ ਨੂੰ ਬੈਠਕ ਕਰਨਗੇ।
ਅੱਜ ਦੀ ਬੈਠਕ 'ਚ ਮੋਦੀ ਨੇ ਕਿਹਾ ਕਿ ਸਾਰੇ ਸਿਆਸੀ ਦਲਾਂ ਦੇ ਨੇਤਾਵਾਂ ਨੇ ਅਹਿਮ ਜਾਣਕਾਰੀਆਂ ਅਤੇ ਸੁਝਾਅ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹੱਤਵਪੂਰਨ ਸੁਝਾਵਾਂ ਤਹਿਤ ਕਿਸੇ ਵੀ ਨੇਤਾ ਨੇ ਲਾਕਡਾਊਨ ਹਟਾਉਣ ਦਾ ਕੋਈ ਸੁਝਾਅ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਲੰਬੀ ਹੈ। ਸਾਰਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਸਰਕਾਰ ਦੀ ਪਹਿਲੀ ਤਰਜ਼ੀਹ ਹੈ। ਇਸ ਲਈ ਸਖਤ ਫੈਸਲਿਆਂ ਦੀ ਜ਼ਰੂਰਤ ਹੈ ਅਤੇ ਸਾਨੂੰ ਲਗਾਤਾਰ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਵਾਰ ਫਿਰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਾਂਗਾ।
ਦੱਸ ਦੇਈਏ ਕਿ 21 ਦਿਨਾਂ ਦਾ ਲਾਕਡਾਊਨ 14 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ ਅਤੇ ਇਸ ਦੇ ਅੱਗੇ ਦੀ ਰਣਨੀਤੀ ਕੀ ਹੋਵੇਗੀ, ਉਸ 'ਤੇ ਕੇਂਦਰ ਸਰਕਾਰ ਚਰਚਾ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਅਤੇ ਲਾਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿਆਸੀ ਪਾਰਟੀਆਂ ਦੇ ਫਲੋਰ ਲੀਡਰਾਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ, ਕਾਂਗਰਸ, ਅਕਾਲੀ ਦਲ, ਸ਼ਿਵਸੈਨਾ, ਜੇ. ਡੀ. ਯੂ, ਐਨ. ਸੀ. ਪੀ, ਡੀ. ਐੱਮ. ਕੇ, ਵਾਈ. ਐੱਸ. ਆਰ. ਕਾਂਗਰਸ ਸਮੇਤ ਵਿਰੋਧੀ ਧਿਰਾਂ ਨਾਲ ਚਰਚਾ ਕੀਤੀ।
ਹਿਮਾਚਲ 'ਚ 9 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
NEXT STORY