ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਹੁਣ ਖਤਮ ਹੋਣ ਦੀ ਦਿਸ਼ਾ ਵਿੱਚ ਵਧਦੀ ਨਜ਼ਰ ਆ ਰਹੀ ਹੈ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਦਿੱਲੀ ਪਹੁੰਚ ਗਏ ਹਨ, ਜਿੱਥੇ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅੱਜ ਯਾਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਵਿਚਾਲੇ ਇੱਕ ਉੱਚ-ਪੱਧਰੀ ਬੈਠਕ ਹੋਣ ਜਾ ਰਹੀ ਹੈ, ਜਿਸ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪੀਐਮ ਜਸਟਿਨ ਟਰੂਡੋ ਦੁਆਰਾ ਲਗਾਏ ਗਏ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਸਨ,। ਹਾਲਾਂਕਿ, ਅਪ੍ਰੈਲ 2025 ਵਿੱਚ ਮਾਰਕ ਕਾਰਨੀ ਦੇ ਚੋਣ ਜਿੱਤਣ ਤੋਂ ਬਾਅਦ ਰਿਸ਼ਤਿਆਂ ਨੂੰ ਸੁਧਾਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਹੁਣ ਦੋਵੇਂ ਦੇਸ਼ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡ ਕੇ ਵਪਾਰ, ਊਰਜਾ ਅਤੇ ਨਵੀਂ ਟੈਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਦੀ ਨਵੀਂ ਰੂਪਰੇਖਾ ਤਿਆਰ ਕਰਨ ਲਈ ਤਿਆਰ ਹਨ।
ਸੂਤਰਾਂ ਅਨੁਸਾਰ, ਇਸ ਬੈਠਕ ਵਿੱਚ ਪਰਮਾਣੂ ਬਿਜਲੀ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ। ਭਾਰਤ ਦੀ ਕੋਸ਼ਿਸ਼ ਕੈਨੇਡਾ ਤੋਂ ਯੂਰੇਨੀਅਮ ਖਰੀਦਣ ਦਾ ਰਸਤਾ ਸਾਫ਼ ਕਰਨ ਦੀ ਹੈ। ਦਿੱਲੀ ਪਹੁੰਚਣ ਤੋਂ ਬਾਅਦ ਪੀਐਮ ਕਾਰਨੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਭਾਰਤ ਵਿੱਚ ਬਿਜਲੀ ਅਤੇ ਨਵੀਂ ਤਕਨੀਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਅਤੇ ਕੈਨੇਡਾ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੈ। ਉਹ ਆਪਣੇ ਦੇਸ਼ ਦੇ ਵਪਾਰੀਆਂ ਲਈ ਭਾਰਤ ਵਿੱਚ ਨਵੇਂ ਮੌਕੇ ਤਲਾਸ਼ਣ ਦੇ ਇੱਛੁਕ ਹਨ।
ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗੀ ਤਣਾਅ ਵਧਿਆ ਹੋਇਆ ਹੈ। ਦੋਵੇਂ ਆਗੂ ਮੱਧ-ਪੂਰਬ ਦੀ ਮੌਜੂਦਾ ਸਥਿਤੀ 'ਤੇ ਵੀ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਅਮਰੀਕਾ ਨਾਲ ਵਪਾਰਕ ਸਬੰਧਾਂ ਵਿੱਚ ਆਈ ਨਰਮੀ ਤੋਂ ਬਾਅਦ, ਕੈਨੇਡਾ ਹੁਣ ਭਾਰਤ ਵਰਗੇ ਮਜ਼ਬੂਤ ਦੇਸ਼ ਨਾਲ ਮਿਲ ਕੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।
ਸਾਈਬਰ ਠੱਗਾਂ ’ਤੇ ਸਖ਼ਤੀ, 11 ਸੂਬਿਆਂ ’ਚ 27 ਗ੍ਰਿਫ਼ਤਾਰ
NEXT STORY