ਨੈਸ਼ਨਲ ਡੈਸਕ- 7 ਮਈ ਨੂੰ ਹੋਣ ਜਾ ਰਹੀ ਤੀਜੇ ਗੇੜ ਦੀ ਚੋਣ ਦੌਰਾਨ ਕਈ ਦਿੱਗਜਾਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਹਾਲਾਂਕਿ ਇਸ ਚੋਣ ਵਿਚ ਕੁੱਲ 1351 ਉਮੀਦਵਾਰ ਮੈਦਾਨ ’ਚ ਹਨ ਪਰ ਲੋਕਾਂ ਦੀਆਂ ਨਜ਼ਰਾਂ ਗਾਂਧੀ ਨਗਰ ਸੀਟ ਤੋਂ ਚੋਣ ਲੜ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਗੁਣਾ ਸੀਟ ਤੋਂ ਚੋਣ ਲੜ ਰਹੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਰਾਜਗੜ੍ਹ ਸੀਟ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਵਿਦਿਸ਼ਾ ਸੀਟ ਤੋਂ ਮੈਦਾਨ ’ਚ ਉੱਤਰੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਉੱਤਰ ਪ੍ਰਦੇਸ਼ ਦੀ ਮੈਨਪੁਰੀ ਸੀਟ ਤੋਂ ਚੋਣ ਲੜ ਰਹੀ ਡਿੰਪਲ ਯਾਦਵ ’ਤੇ ਟਿਕੀਆਂ ਹਨ। ਸਿਆਸੀ ਮਾਹਰਾਂ ਨੂੰ ਇਨ੍ਹਾਂ ਸੀਟਾਂ ’ਤੇ ਹੋਣ ਵਾਲੇ ਚੋਣ ਨਤੀਜਿਆਂ ’ਚ ਜ਼ਿਆਦਾ ਦਿਲਚਸਪੀ ਹੈ।
ਤੀਜੇ ਗੇੜ ਦੀ ਵੋਟਿੰਗ ਲਈ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ 1351 ਉਮੀਦਵਾਰ ਮੈਦਾਨ ਵਿਚ ਹਨ। ਗੁਜਰਾਤ ਦੀਆਂ 25 ਸੀਟਾਂ ’ਤੇ ਸਭ ਤੋਂ ਵੱਧ 265 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਮਹਾਰਾਸ਼ਟਰ ਦੀਆਂ 11 ਸੀਟਾਂ ’ਤੇ 258 ਉਮੀਦਵਾਰ ਮੈਦਾਨ ’ਚ ਹਨ। ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀਆਂ 2 ਸੀਟਾਂ ’ਤੇ ਘੱਟੋ-ਘੱਟ 12 ਉਮੀਦਵਾਰ ਮੈਦਾਨ ’ਚ ਹਨ।
ਬਾਰਾਮਤੀ ’ਚ ਨਨਾਣ-ਭਰਜਾਈ ਵਿਚਾਲੇ ਮੁਕਾਬਲਾ
ਤੀਜੇ ਗੇੜ ’ਚ ਮਹਾਰਾਸ਼ਟਰ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਾਰਾਮਤੀ ’ਤੇ ਵੀ ਚੋਣ ਹੋਵੇਗੀ। ਇਸ ਸੀਟ ’ਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਖਿਲਾਫ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਚੋਣ ਲੜ ਰਹੀ ਹੈ। ਅਜੀਤ ਅਤੇ ਸੁਪ੍ਰਿਆ ਚਚੇਰੇ ਭਰਾ-ਭੈਣ ਹਨ। ਇਸ ਰਿਸ਼ਤੇ ਤੋਂ ਸੁਪ੍ਰਿਆ ਅਤੇ ਸੁਨੇਤਰਾ ਨਨਾਣ-ਭਰਜਾਈ ਹਨ। ਸੁਪ੍ਰਿਆ ਨੇ 2009, 2014 ਅਤੇ 2019 ’ਚ ਇੱਥੋਂ ਜਿੱਤ ਦਰਜ ਕੀਤੀ। ਸੁਨੇਤਰਾ ਪਹਿਲੀ ਵਾਰ ਚੋਣ ਲੜ ਰਹੀ ਹੈ।
ਛੱਤੀਸਗੜ੍ਹ ਦੇ ਬਸਤਰ 'ਚ ਲੱਗੇ 2.6 ਤੀਬਰਤਾ ਦੇ ਭੂਚਾਲ ਦੇ ਝਟਕੇ
NEXT STORY