ਇੰਦੌਰ- ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ਵਿਚ ਵੀਰਵਾਰ ਨੂੰ ਦੁਸਹਿਰੇ ਮੌਕੇ ਦੁਰਗਾ ਦੇਵੀ ਦੀਆਂ ਮੂਰਤੀਆਂ ਦੇ ਵਿਸਰਜਨ ਦੌਰਾਨ ਤਲਾਬ ਵਿਚ ਟਰੈਕਟਰ-ਟਰਾਲੀ ਦੇ ਪਲਟ ਜਾਣ ਕਾਰਨ ਵਾਪਰੇ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜਿਨ੍ਹਾਂ ਵਿਚ 8 ਬੱਚੇ ਵੀ ਸ਼ਾਮਲ ਸਨ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੰਦੌਰ (ਗ੍ਰਾਮੀਣ) ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਅਨੁਰਾਗ ਨੇ ਦੱਸਿਆ ਕਿ ਇਹ ਹਾਦਸਾ ਪੰਧਾਨਾ ਖੇਤਰ ’ਚ ਵਾਪਰਿਆ।
ਪੁਲਸ ਤੇ ਪ੍ਰਸ਼ਾਸਨ ਦੇ ਨਾਲ-ਨਾਲ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹਨ। ਐੱਸ. ਡੀ. ਆਰ. ਐੱਫ. ਦੀ ਇਕ ਹੋਰ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਪੁਲਸ ਇੰਸਪੈਕਟਰ ਜਨਰਲ ਨੇ ਕਿਹਾ ਕਿ ਟਰੈਕਟਰ-ਟਰਾਲੀ ’ਤੇ ਸਵਾਰ ਸ਼ਰਧਾਲੂ ਪੇਂਡੂ ਇਲਾਕੇ ਦੇ ਵੱਖ-ਵੱਖ ਪੰਡਾਲਾਂ ’ਚ ਨਵਦੁਰਗਾ ਉਤਸਵ ਦੌਰਾਨ ਸਥਾਪਤ ਮੂਰਤੀਆਂ ਨੂੰ ਤਲਾਬ ਵਿਚ ਵਿਸਰਜਿਤ ਕਰਨ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਹਾਦਸੇ ਤੋਂ ਬਾਅਦ 5-6 ਸ਼ਰਧਾਲੂ ਤਲਾਬ ਵਿਚੋਂ ਜ਼ਿੰਦਾ ਬਾਹਰ ਆ ਗਏ। ਪੁਲਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਜਸਥਾਨ 'ਚ ਸਭ ਤੋਂ ਉੱਚਾ ਰਾਵਣ ਦਹਿਨ, ਤੋੜਿਆ ਦਿੱਲੀ ਦਾ ਰਿਕਾਰਡ
NEXT STORY