ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਸਾਂਵੇਰ ਥਾਣਾ ਖੇਤਰ ਅਧੀਨ ਆਉਂਦੇ ਟੈਂਸ਼ਨ ਚੌਰਾਹੇ 'ਤੇ ਬੁੱਧਵਾਰ ਨੂੰ ਇੱਕ ਜਰਜਰ ਮਕਾਨ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬਣ ਕਾਰਨ ਚਾਰ ਔਰਤਾਂ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਮਲਬੇ 'ਚੋਂ ਬਾਹਰ ਕੱਢ ਕੇ ਇੰਦੌਰ ਦੇ ਐੱਮ.ਵਾਈ. ਹਸਪਤਾਲ ਅਤੇ ਅਰਵਿੰਦੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਤੁਲਸੀ ਸਿਲਾਵਤ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਅੰਤਿਮ ਸੰਸਕਾਰ ਲਈ 20-20 ਹਜ਼ਾਰ ਰੁਪਏ ਦੀ ਵਾਧੂ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਇਲਾਜ ਦਾ ਪੂਰਾ ਖਰਚਾ ਵੀ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਜਿਸ ਮਕਾਨ ਦੇ ਡਿੱਗਣ ਨਾਲ ਇਹ ਹਾਦਸਾ ਵਾਪਰਿਆ, ਉਹ ਪਹਿਲਾਂ ਤੋਂ ਹੀ ਖਸਤਾ ਹਾਲਤ ਵਿੱਚ ਸੀ ਅਤੇ ਨਗਰ ਪ੍ਰੀਸ਼ਦ ਵੱਲੋਂ ਇਸ ਨੂੰ ਤੋੜਨ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਸੀ। ਇਸ ਦੇ ਬਾਵਜੂਦ ਕਾਰਵਾਈ ਨਾ ਹੋਣ 'ਤੇ ਹੁਣ ਸਵਾਲ ਉੱਠ ਰਹੇ ਹਨ। ਪ੍ਰਸ਼ਾਸਨ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
DU ਚੋਣਾਂ ਤੋਂ ਪਹਿਲਾਂ ਨੌਰਥ ਕੈਂਪਸ 'ਚ ਵਿਦਿਆਰਥੀਆਂ ਵਿਚਾਲੇ ਝੜਪ, ਪੈਰਾਮਿਲਟਰੀ ਤਾਇਨਾਤ
NEXT STORY