ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ 'ਚ ਪੁਲਸ ਕਾਰਵਾਈ ਦੌਰਾਨ ਗਰਭਵਤੀ ਔਰਤ ਦੀ ਮੌਤ ਦੇ ਮਾਮਲੇ ਵਿਚ 2 ਇੰਸਪੈਕਟਰਾਂ ਸਮੇਤ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਆਦਿੱਤਿਆ ਲਾਂਘੇ ਨੇ ਲਾਪ੍ਰਵਾਹੀ ਦੇ ਦੋਸ਼ ਵਿਚ ਸਬ-ਇੰਸਪੈਕਟਰ ਧਰਮਪਾਲ ਸਿੰਘ ਅਤੇ ਸਤਪਾਲ ਸਿੰਘ, ਹੈੱਡ ਕਾਂਸਟੇਬਲ ਮੋਹਨ ਸਿੰਘ ਤੇ ਅਰਵਿੰਦ ਕੁਮਾਰ ਅਤੇ ਕਾਂਸਟੇਬਲ ਭਵਤੋਸ਼ ਕੁਮਾਰ ਤੇ ਕੁਲਦੀਪ ਕੁਮਾਰ ਨੂੰ ਮੁਅੱਤਲ ਕੀਤਾ।
ਪਰਿਵਾਰਕ ਮੈਂਬਰਾਂ ਅਨੁਸਾਰ, ਐਤਵਾਰ ਦੇਰ ਰਾਤ ਪੁਲਸ ਸ਼ਿਕੋਹਾਬਾਦ ਦੇ ਇਕ ਪਿੰਡ ਦੇ ਨਿਵਾਸੀ ਗੌਰਵ ਨੂੰ ਚੋਰੀ ਦੇ ਮਾਮਲੇ ਵਿਚ ਫੜਨ ਪਹੁੰਚੀ ਸੀ। ਦੋਸ਼ ਹੈ ਕਿ ਪਤੀ ਨੂੰ ਨਾਲ ਲੈ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਉਸ ਦੀ ਗਰਭਵਤੀ ਪਤਨੀ ਅੰਜਲੀ (28) ਦੇ ਪੇਟ ’ਤੇ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਕਥਿਤ ਤੌਰ ’ਤੇ ਲੱਤ ਮਾਰ ਦਿੱਤੀ। ਇਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਅੰਜਲੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸੋਮਵਾਰ ਸਵੇਰੇ ਉਸ ਨੇ ਬੇਟੇ ਨੂੰ ਜਨਮ ਦਿੱਤਾ। ਹਾਲਤ ਵਿਗੜਨ ’ਤੇ ਉਸ ਨੂੰ ਫਿਰੋਜ਼ਾਬਾਦ ਦੇ ਲਕਸ਼ਮੀ ਫਾਊਂਡੇਸ਼ਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਵਜੰਮੇ ਬੱਚੇ ਦੀ ਹਾਲਤ ਵੀ ਗੰਭੀਰ ਦੱਸੀ ਗਈ ਹੈ ਅਤੇ ਉਸ ਨੂੰ ਆਗਰਾ ਭੇਜਿਆ ਗਿਆ ਹੈ।
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਥਾਣੇ ਵਿਚ ਹੰਗਾਮਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਮਰਥਕਾਂ ਨਾਲ ਸ਼ਿਕੋਹਾਬਾਦ ਥਾਣੇ ਵਿਚ ਧਰਨਾ ਦਿੱਤਾ ਅਤੇ ਕੋਤਵਾਲ ਸਮੇਤ ਸਾਰੇ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਪੁਲਸ ਨੇ ਔਰਤ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਰ ਰਾਤ ਅੰਤਿਮ ਸੰਸਕਾਰ ਕਰਵਾ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ।
'ਸਪਾ' ਆਗੂ ਦੇ ਕਤਲ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ ! 3 ਨੂੰ ਕੀਤਾ ਗ੍ਰਿਫ਼ਤਾਰ
NEXT STORY