ਮਾਲੇ, (ਏਜੰਸੀਆਂ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਸਟੇਟ ਸਪਾਂਸਰਸ਼ਿਪ ਇਸ ਸਮੇਂ ਸਭ ਤੋਂ ਵੱਡਾ ਖਤਰਾ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਆਪਣੇ ਪਹਿਲੇ ਵਿਦੇਸ਼ੀ ਦੌਰੇ ਦੌਰਾਨ ਗੁਆਂਢੀ ਦੇਸ਼ ਮਾਲਦੀਵ ਪੁੱਜੇ ਮੋਦੀ ਨੇ ਦੇਸ਼ ਦੀ ਸੰਸਦ ‘ਮਜ਼ਲਿਸ’ ਵਿਖੇ ਬੋਲਦਿਆਂ ਕਿਹਾ ਕਿ ਮੇਰਾ ਮਾਲਦੀਵ ਆਉਣ ਦਾ ਮੁੱਖ ਮਕਸਦ ਹਿੰਦ ਮਹਾਸਾਗਰ ਟਾਪੂ ਸਮੂਹ ਦੇ ਸਭ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਲੋਕ ਅਜੇ ਵੀ ਚੰਗੇ ਅੱਤਵਾਦ ਅਤੇ ਬੁਰੇ ਅੱਤਵਾਦ ਵਿਚ ਫਰਕ ਕਰਨ ਦੀ ਗਲਤੀ ਕਰ ਰਹੇ ਹਨ। ਅੱਤਵਾਦ ਦੀ ਸਟੇਟ ਸਪਾਂਸਰਸ਼ਿਪ ਸਭ ਤੋਂ ਵੱਡਾ ਖਤਰਾ ਬਣੀ ਹੋਈ ਹੈ। ਅੱਤਵਾਦ ਮੌਜੂਦਾ ਸਮੇਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਅੱਤਵਾਦੀਆਂ ਦੇ ਨਾ ਤਾਂ ਆਪਣੇ ਬੈਂਕ ਹਨ, ਨਾ ਹਥਿਆਰਾਂ ਦੀਆਂ ਫੈਕਟਰੀਆਂ ਹਨ। ਫਿਰ ਉਨ੍ਹਾਂ ਨੂੰ ਕਿਥੋਂ ਪੈਸਾ ਅਤੇ ਹਥਿਆਰ ਮਿਲ ਰਹੇ ਹਨ? ਅੱਤਵਾਦੀਆਂ ਕੋਲ ਕਦੇ ਵੀ ਨਾ ਤਾਂ ਪੈਸਿਆਂ ਦੀ ਕਮੀ ਆਉਂਦੀ ਹੈ ਤੇ ਨਾ ਹੀ ਹਥਿਆਰਾਂ ਦੀ। ਹੁਣ ਪਾਣੀ ਸਿਰ ਉਪਰੋਂ ਲੰਘ ਰਿਹਾ ਹੈ। ਅੱਤਵਾਦ ਅਤੇ ਕੱਟੜਵਾਦ ਨਾਲ ਨਜਿੱਠਣਾ ਦੁਨੀਆ ਦੀ ਲੀਡਰਸ਼ੀਪ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ, ਲੋਕਰਾਜ, ਖੁਸ਼ਹਾਲੀ ਅਤੇ ਸ਼ਾਂਤੀ ਨੂੂੰ ਲੈ ਕੇ ਭਾਰਤ ਮਾਲਦੀਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮੈਂ ਉਨ੍ਹਾਂ ਸਭ ਉਪਾਵਾਂ ਨੂੰ ਵਿਸ਼ੇਸ਼ ਅਹਿਮੀਅਤ ਦਿੰਦਾ ਹੈ, ਜਿਨ੍ਹਾਂ ਰਾਹੀਂ ਲੋਕਾਂ ਨਾਲ ਲੋਕਾਂ ਦੇ ਮੇਲ-ਜੋਲ ਨੂੰ ਹੱਲਾਸ਼ੇਰੀ ਮਿਲੇ। ਇਹ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਦੋਵਾਂ ਦੇਸ਼ਾਂ ਦਰਮਿਆਨ ਫੈਰੀ ਸਰਵਿਸ ਬਾਰੇ ਸਮਝੌਤੇ ’ਤੇ ਹਸਤਾਖਰ ਹੋਏ ਹਨ।
ਮੋਦੀ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਦੇ ਸਬੰਧ ਸਦੀਆਂ ਪੁਰਾਣੇ ਹਨ। ਇਹ ਇਤਿਹਾਸ ਨਾਲੋਂ ਵੀ ਵੱਧ ਪੁਰਾਣੇ ਹਨ। ਸਮੁੰਦਰ ਦੀਆਂ ਲਹਿਰਾਂ ਭਾਰਤ ਤੇ ਮਾਲਦੀਵ ਦੋਵਾਂ ਦੇਸ਼ਾਂ ਦੇ ਕੰਢਿਆਂ ਨਾਲ ਟਕਰਾਉਂਦੀਆਂ ਹਨ। ਇਹ ਲਹਿਰਾਂ ਸਾਡੇ ਲੋਕਾਂ ਦਰਮਿਆਨ ਦੋਸਤੀ ਦਾ ਸੰਦੇਸ਼ ਦਿੰਦੀਆਂ ਹਨ। ਭਾਰਤ ਹਰ ਹਾਲਤ ਵਿਚ ਮਾਲਦੀਵ ਨਾਲ ਖੜ੍ਹਾ ਹੈ ਅਤੇ ਮਾਲਦੀਵ ਵਿਚ ਵਿਕਾਸ ਦੇ ਰਸਤੇ ਖੁੱਲ੍ਹੇ ਹਨ।
ਮੋਦੀ ਨੇ ਕਿਹਾ ਕਿ ਮਾਲਦੀਵ ਦੁਨੀਆ ਦਾ ਨਾਯਾਬ ਨਗੀਨਾ ਹੈ। ਭਾਰਤ ਦੇ ਮਾਲਦੀਵ ਨਾਲ ਡੂੰਘੇ ਸੱਭਿਆਚਾਰਕ ਸਬੰਧ ਰਹੇ ਹਨ। ਮੈਨੂੰ ਭਰੋਸਾ ਹੈ ਕਿ ਮਾਲਦੀਵ ਅਤੇ ਸ਼੍ਰੀਲੰਕਾ ਦੇ ਮੇਰੇ ਦੌਰੇ ਨਾਲ ਸਮੁੰਦਰੀ ਖੇਤਰ ਵਿਚ ਸਥਿਤ ਸਾਡੇ ਗੁਆਂਢੀਆਂ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ। ਇਹ ਸਾਡੀ ‘ਗੁਆਂਢੀ ਪਹਿਲਾਂ’ ਨੀਤੀ ’ਤੇ ਆਧਾਰਿਤ ਹੈ। 9 ਜੂਨ ਨੂੰ ਪ੍ਰਧਾਨ ਮੰਤਰੀ ਸ਼੍ਰੀਲੰਕਾ ਦੇ ਦੌਰੇ ’ਤੇ ਜਾਣਗੇ। ਇਸ ਤੋਂ ਪਹਿਲਾਂ ਮਾਲੇ ਦੇ ਹਵਾਈ ਅੱਡੇ ’ਤੇ ਪੁੱਜਣ ਸਮੇਂ ਪ੍ਰਧਾਨ ਮੰਤਰੀ ਦਾ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਅਤੇ ਹੋਰਨਾਂ ਨੇ ਨਿੱਘਾ ਸਵਾਗਤ ਕੀਤਾ।
ਰੂਸੀ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਸੌਦੇ 'ਤੇ ਅਮਰੀਕਾ ਦੇ ਦਬਾਅ 'ਚ ਨਹੀਂ ਝੁਕੇਗਾ ਭਾਰਤ
NEXT STORY