ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ. ਜੀ. ਕਰ ਹਸਪਤਾਲ ਦੇ ਮੁੱਦੇ 'ਤੇ ਅੜਿੱਕਾ ਹੱਲ ਕਰਨ ਲਈ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੂੰ ਮੰਗਲਵਾਰ ਸ਼ਾਮ ਨੂੰ ਰਾਜ ਸਕੱਤਰੇਤ ਵਿਚ ਮੀਟਿੰਗ ਲਈ ਸੱਦਾ ਦਿੱਤਾ। ਰਾਜ ਦੇ ਸਿਹਤ ਸਕੱਤਰ ਐੱਨਐੱਸ ਨਿਗਮ ਵੱਲੋਂ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਭੇਜੀ ਗਈ ਇਕ ਈਮੇਲ ਵਿਚ ਕਿਹਾ ਗਿਆ ਹੈ, ''ਤੁਹਾਡਾ ਛੋਟਾ ਵਫ਼ਦ (ਵੱਧ ਤੋਂ ਵੱਧ 10 ਵਿਅਕਤੀ) ਹੁਣ ਸਰਕਾਰੀ ਨੁਮਾਇੰਦਿਆਂ ਨੂੰ ਮਿਲਣ ਲਈ 'ਨਬਾਨ' ਦਾ ਦੌਰਾ ਕਰ ਸਕਦਾ ਹੈ।"
ਇਸ ਦੌਰਾਨ ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਚੈਂਬਰ ਵਿਚ ਜੂਨੀਅਰ ਡਾਕਟਰਾਂ ਦੇ ਵਫ਼ਦ ਦੇ ਮੀਟਿੰਗ ਵਿਚ ਆਉਣ ਦੀ ਉਡੀਕ ਕਰ ਰਹੇ ਹਨ। ਭੱਟਾਚਾਰੀਆ ਨੇ ਕਿਹਾ, "ਮੁੱਖ ਮੰਤਰੀ ਆਪਣੇ ਚੈਂਬਰ ਵਿਚ ਇੰਤਜ਼ਾਰ ਕਰ ਰਹੇ ਹਨ... ਸਾਨੂੰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।'' ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਵਿੱਚੋਂ ਇਕ ਨੇ ਕਿਹਾ ਕਿ ਨਿਗਮ ਤੋਂ ਇਕ ਮੇਲ ਪ੍ਰਾਪਤ ਕਰਨਾ ਸਾਡਾ ਅਪਮਾਨ ਹੈ, ਕਿਉਂਕਿ ਅੰਦੋਲਨਕਾਰੀ ਡਾਕਟਰ ਆਰ. ਜੀ. ਕਰ ਹਸਪਤਾਲ ਦੇ ਮੁੱਦੇ 'ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ, “ਸਾਨੂੰ ਸੂਬਾ ਸਕੱਤਰੇਤ ਤੋਂ ਕੋਈ ਪੱਤਰ ਨਹੀਂ ਮਿਲਿਆ ਹੈ। ਸਾਨੂੰ ਰਾਜ ਦੇ ਸਿਹਤ ਸਕੱਤਰ ਤੋਂ ਇਕ ਪੱਤਰ ਮਿਲਿਆ, ਜਿਸ ਦਾ ਅਸਤੀਫਾ ਅਸੀਂ ਚਾਹੁੰਦੇ ਹਾਂ।''
ਇਕ ਡਾਕਟਰ ਨੇ ਕਿਹਾ ਕਿ ਇਹ "ਅਪਮਾਨਜਨਕ" ਵੀ ਹੈ ਕਿ ਰਾਜ ਸਰਕਾਰ ਨੇ ਮੀਟਿੰਗ ਲਈ ਡੈਲੀਗੇਟਾਂ ਦੀ ਗਿਣਤੀ 10 ਤੱਕ ਸੀਮਤ ਕਰ ਦਿੱਤੀ ਹੈ। ਉਸ ਨੇ ਕਿਹਾ, "ਸਾਡਾ ਵਿਰੋਧ ਅਤੇ ਸਾਡਾ 'ਕੰਮ ਬੰਦ' ਜਾਰੀ ਰਹੇਗਾ।" ਪੱਛਮੀ ਬੰਗਾਲ ਵਿਚ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਆਰ. ਜੀ. ਕਰ ਹਸਪਤਾਲ ਦੀ ਉਸ ਟ੍ਰੇਨੀ ਡਾਕਟਰ ਲਈ ਨਿਆਂ ਦੀ ਮੰਗ ਨੂੰ ਲੈ ਕੇ ਆਪਣਾ 'ਕੰਮ ਬੰਦ' ਕੀਤਾ ਹੋਇਆ ਹੈ, ਜਿਸ ਦੀ ਪਿਛਲੇ ਮਹੀਨੇ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਚਿੰਗ ਸੈਂਟਰ ’ਚ ਵਿਦਿਆਰਥਣ ਨੂੰ ਮਾਰੀ ਗੋਲੀ
NEXT STORY