ਪਲਵਲ- ਖਾਕੀ ਇਕ ਵਾਰ ਫਿਰ ਦਾਗਦਾਰ ਹੋਈ ਹੈ। ਪੁਲਸ ਮੁਲਾਜ਼ਮਾਂ ਵਲੋਂ ਥਰਡ ਡਿਗਰੀ ਟਾਰਚਰ ਦਿੱਤੇ ਜਾਣ ਤੋਂ ਦੁਖੀ 23 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪਰਿਵਾਰ ਨੇ ਪੁਲਸ ਚੌਕੀ ਦੇ ਸਾਹਮਣੇ ਲਾਸ਼ ਰੱਖ ਕੇ ਜੰਮ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਪੁਲਸ ਮੁਲਾਜ਼ਮ ਸਮੇਤ ਉਸ ਦੇ ਹੋਰ ਸਾਥੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਨਿਤੀਸ਼ ਸੋਮਵਾਰ ਨੂੰ ਗੱਡੀ 'ਚ CNG ਭਰਵਾਉਣ ਅਲਾਵਲਪੁਰ ਗਿਆ ਸੀ। ਉੱਥੋਂ ਵਾਪਸ ਆਉਂਦੇ ਸਮੇਂ ਪੁਲਸ ਮੁਲਾਜ਼ਮ ਨੀਰਜ ਜੋ ਥਾਣੇ ਵਿਚ ਤਾਇਨਾਤ ਹੈ, ਉਸ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਨਿਤੀਸ਼ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਨੀਰਜ ਨੇ 112 'ਤੇ ਕਾਲ ਕਰ ਦਿੱਤੀ। ਨੀਰਜ ਗੱਡੀ 'ਤੇ ਪੁਲਸ ਮੁਲਾਜ਼ਮ ਨਾਲ ਨਿਤੀਸ਼ ਨੂੰ ਇਕ ਕਮਰੇ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਬੇਰਹਿਮੀ ਨਾਲ ਕੁੱਟਮਾਰ ਅਤੇ ਬਦਤਮੀਜੀ ਕੀਤੀ। ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਇਸ ਬਾਰੇ ਨਿਤੀਸ਼ ਨੇ ਘਰ ਆ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।
ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਨਿਤੀਸ਼ ਖੇਤਾਂ ਵੱਲ ਚਲਾ ਗਿਆ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਅਤੇ ਬਦਸਲੂਕੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਰੀਬ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨਿਤੀਸ਼ ਦਾ ਕਰੀਬ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਵੱਡੀ ਖ਼ਬਰ ; ਨਗਰ ਨਿਗਮ ਮੇਅਰਾਂ ਤੇ ਕੌਂਸਲਰਾਂ ਦੀਆਂ ਤਨਖਾਹਾਂ 'ਚ ਹੋਇਆ ਭਾਰੀ ਵਾਧਾ
NEXT STORY