ਵਡੋਦਰਾ— ਭੀਮ ਰਾਵ ਅੰਬੇਡਕਰ ਦੀ 127ਵੀਂ ਜਯੰਤੀ 'ਤੇ ਮੇਨਕਾ ਗਾਂਧੀ ਅਤੇ ਭਾਜਪਾ ਦੇ ਹੋਰ ਨੇਤਾਵਾਂ ਨੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਭੇਟ ਕਰਨ ਤੋਂ ਬਾਅਦ ਦਲਿਤ ਭਾਈਚਾਰੇ ਦੇ ਵਰਕਰਾਂ ਨੇ ਮੂਰਤੀ ਨੂੰ ਧੋ ਕੇ ਸਾਫ਼ ਕੀਤਾ। ਇਕ ਦਲਿਤ ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਉੱਥੇ ਦਾ ਮਾਹੌਲ ਦੂਸ਼ਿਤ ਹੋ ਗਿਆ ਸੀ। ਬੜੌਦਾ ਦੇ ਮਹਾਰਾਜਾ ਸਯਾਜੀਰਾਵ ਯੂਨੀਵਰਸਿਟੀ ਦੇ ਐੱਸ.ਸੀ.-ਐੱਸ.ਟੀ. ਕਰਮਚਾਰੀ ਸੰਘ ਦੇ ਜਨਰਲ ਸਕੱਤਰ ਠਾਕੋਰ ਸੋਲੰਕੀ ਨੇ ਦਾਅਵਾ ਕੀਤਾ ਕਿ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਲਈ ਦਲਿਤ ਵਰਕਰ ਭਾਜਪਾ ਨੇਤਾਵਾਂ ਤੋਂ ਪਹਿਲਾਂ ਉੱਥੇ ਪੁੱਜੇ ਸਨ। ਦਲਿਤ ਭਾਈਚਾਰੇ ਦੇ ਵਰਕਰਾਂ ਨੇ ਰੇਸ ਕੋਰਸ ਸਥਿਤ ਜੀ.ਈ.ਬੀ. ਸਰਕਿਲ ਇਲਾਕੇ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੇਨਕਾ ਸ਼ਹਿਰ 'ਚ ਆਯੋਜਿਤ ਕਈ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਇੱਥੇ ਆਈ ਸੀ। ਭਾਜਪਾ ਸੰਸਦ ਮੈਂਬਰ ਰੰਜਨਬੇਨ ਭੱਟ, ਸ਼ਹਿਰ ਦੇ ਮਹਾਪੌਰ ਭਰਤ ਡਾਂਗਰ, ਭਾਜਪਾ ਵਿਧਾਇਕ ਯੋਗੇਸ਼ ਪਟੇਲ ਅਤੇ ਹੋਰ ਦੇ ਨਾਲ ਮੇਨਕਾ ਅੰਬੇਡਕਰ ਦੀ ਮੂਰਤੀ 'ਤੇ ਪੁੱਜੀ। ਸੋਲੰਕੀ ਦੀ ਅਗਵਾਈ 'ਚ ਦਲਿਤ ਭਾਈਚਾਰੇ ਦੇ ਵਰਕਰਾਂ ਨੇ ਉਨ੍ਹਾਂ ਦੇ ਖਿਲਾਫ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ 'ਤੇ ਵਰਕਰਾਂ ਅਤੇ ਪੁਲਸ ਕਰਮਚਾਰੀਆਂ ਦਰਮਿਆਨ ਵਿਵਾਦ ਹੋਇਆ, ਹਾਲਾਂਕਿ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ।
ਮੇਨਕਾ ਗਾਂਧੀ ਅਤੇ ਹੋਰ ਨੇਤਾਵਾਂ ਨੇ ਸਵੇਰੇ ਕਰੀਬ 9 ਵਜੇ ਮੂਰਤੀ 'ਤੇ ਫੁੱਲ ਭੇਟ ਕੀਤੇ ਅਤੇ ਪ੍ਰੋਗਰਾਮ ਵਾਲੀ ਜਗ੍ਹਾ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਦਲਿਤ ਵਰਕਰਾਂ ਨੇ ਇਹ ਕਹਿ ਕੇ ਮੂਰਤੀ ਨੂੰ ਦੁੱਧ ਅਤੇ ਪਾਣੀ ਨਾਲ ਧੋ ਕੇ ਸਾਫ਼ ਕੀਤਾ ਕਿ ਭਾਜਪਾ ਨੇਤਾਵਾਂ ਦੀ ਮੌਜੂਦਗੀ ਨੇ ਮਾਹੌਲ ਨੂੰ ਦੂਸ਼ਿਤ ਕਰ ਦਿੱਤਾ। ਸੋਲੰਕੀ ਨੇ ਕਿਹਾ,''ਅਸੀਂ ਪੁਲਸ ਨੂੰ ਕਿਹਾ ਕਿ ਭਾਜਪਾ ਨੇਤਾਵਾਂ ਦੇ ਆਉਣ ਤੋਂ ਪਹਿਲਾਂ ਅਸੀਂ ਲੋਕ ਇੱਥੇ ਪੁੱਜੇ ਹਾਂ, ਇਸ ਲਈ ਮੂਰਤੀ 'ਤੇ ਪਹਿਲਾਂ ਸ਼ਰਧਾਂਜਲੀ ਭੇਟ ਕਰਨ ਦਾ ਅਧਿਕਾਰ ਸਾਡਾ ਹੈ। ਹਾਲਾਂਕਿ ਪੁਲਸ ਨੇ ਪ੍ਰੋਟੋਕਾਲ ਦਾ ਹਵਾਲਾ ਦੇ ਕੇ ਸਾਨੂੰ ਮੂਰਤੀ 'ਤੇ ਫੁੱਲ ਭੇਟ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਪਹਿਲਾਂ ਫੁੱਟ ਭੇਟ ਕਰਨ ਦਾ ਅਧਿਕਾਰ ਮਹਾਪੌਰ ਦਾ ਹੈ।'' ਉਨ੍ਹਾਂ ਨੇ ਕਿਹਾ,''ਮੇਨਕਾ ਗਾਂਧੀ ਅਤੇ ਹੋਰ ਨੇਤਾਵਾਂ ਦੇ ਪੁੱਜਣ ਤੋਂ ਬਾਅਦ ਜੀ.ਈ.ਬੀ. ਸਰਕਿਲ ਇਲਾਕੇ 'ਚ ਮੂਰਤੀ ਅਤੇ ਮਾਹੌਲ ਦੂਸ਼ਿਤ ਹੋ ਗਿਆ। ਇਸ ਲਈ ਭਾਜਪਾ ਨੇਤਾਵਾਂ ਦੇ ਉੱਥੋਂ ਜਾਣ ਤੋਂ ਬਾਅਦ ਅਸੀਂ ਅੰਬੇਡਕਰ ਦੀ ਮੂਰਤੀ ਨੂੰ ਦੁੱਧ ਅਤੇ ਪਾਣੀ ਨਾਲ ਧੋਤਾ।'' ਮੇਨਕਾ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਭਾਜਪਾ ਦੀ ਸੂਬਾਈ ਇਕਾਈ ਦੇ ਐੱਸ.ਸੀ.-ਐੱਸ.ਟੀ. ਸੈੱਲ ਦੇ ਜਨਰਲ ਸਕੱਤਰ ਜੀਵਰਾਜ ਚੌਹਾਨ ਦਾ ਵੀ ਦਲਿਤ ਵਰਕਰਾਂ ਨੇ ਘਿਰਾਅ ਕੀਤਾ। ਵਰਕਰਾਂ ਨੇ ਚੌਹਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਉੱਥੋਂ ਜਾਣਾ ਪਿਆ।
ਸੰਸਦ ਨਾ ਚੱਲਣ ਦੇਣ ਕਾਰਨ ਹੋਇਆ 160 ਕਰੋੜ ਰੁਪਏ ਦਾ ਨੁਕਸਾਨ
NEXT STORY