ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਭਾਰਮੌਰ ਤੋਂ ਚੰਬਾ ਜ਼ਿਲੇ ਤੱਕ ਅਸਥਾਈ ਰਸਤਾ ਤਿਆਰ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਮਣੀਮਹੇਸ਼ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਕੱਲ ਯਾਨੀ ਸੋਮਵਾਰ ਨੂੰ ਚੰਬਾ ਜ਼ਿਲੇ ’ਚ ਭਾਰੀ ਬਾਰਸ਼ ਤੋਂ ਬਾਅਦ ਪੁਲ ਰੁੜ ਜਾਣ ਕਾਰਨ ਮਣੀਮਹੇਸ਼ ਯਾਤਰਾ ਰੋਕ ਦਿੱਤੀ ਗਈ ਸੀ। ਚੰਬਾ ਦੇ ਡਿਪਟੀ ਕਮਿਸ਼ਨਰ ਵਿਵੇਕ ਭਾਟੀਆ ਨੇ ਦੱਸਿਆ ਕਿ ਰਾਤੋ-ਰਾਤ ਇਕ ਅਸਥਾਈ ਰਸਤਾ ਬਣਾਇਆ ਗਿਆ, ਜਿਸ ਤੋਂ ਬਾਅਦ ਵੱਖ-ਵੱਖ ਥਾਂਵਾਂ ’ਤੇ ਰੁਕੇ ਕਰੀਬ 10 ਹਜ਼ਾਰ ਸ਼ਰਧਾਲੂਆਂ ਨੇ ਯਾਤਰਾ ਬਹਾਲ ਕੀਤੀ। ਭਾਟੀਆ ਨੇ ਦੱਸਿਆ ਕਿ ਭਾਰੰਗਲਾ ਨਾਲਾ ਕੋਲ ਹੜਸਰ ਅਤੇ ਭਾਰਮੌਰ ਦਰਮਿਆਨ ਪੁਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਬਾ ਦੀ ਪੁਲਸ ਸੁਪਰਡੈਂਟ ਮੋਨਿਕਾ ਭੁਟੁਨਗੁਰੂ ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਆਪਕ ਇੰਤਜ਼ਾਮ ਕੀਤੇ ਹਨ।
700 ਜਵਾਨ ਕੀਤੇ ਗਏ ਹਨ ਤਾਇਨਾਤ
ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਸ ਨੇ ਇਕ ਐਡੀਸ਼ਨ ਪੁਲਸ ਸੁਪਰਡੈਂਟ ਦੀ ਅਗਵਾਈ ’ਚ 700 ਜਵਾਨ ਤਾਇਨਾਤ ਕੀਤੇ ਹਨ। ਨਾਲ ਹੀ ਇਲਾਕੇ ਨੂੰ ਸੁਚੱਜੀ ਆਵਾਜਾਈ ਯਕੀਨੀ ਕਰਨ ਲਈ 13 ਸੈਕਟਰਾਂ ’ਚ ਵੰਡਿਆ ਗਿਆ ਹੈ। ਦੱਸਣਯੋਗ ਹੈ ਕਿ ਭਾਰੰਗਲਾ ਨਾਲਾ ਕੋਲ ਹੁੜਸਰ ਤੋਂ ਭਾਰਮੌਰ ਨੂੰ ਜੋੜਨ ਵਾਲਾ ਪੁਲ ਬਾਰਸ਼ ’ਚ ਰੁੜ ਗਿਆ ਸੀ, ਜਿਸ ਕਾਰਨ ਸੋਮਵਾਰ ਨੂੰ ਯਾਤਰਾ ਰੋਕਣੀ ਪਈ।
ਹਰ ਸਾਲ ਲੱਖਾਂ ਦੀ ਗਿਣਤੀ ’ਚ ਆਉਂਦੇ ਹਨ ਸ਼ਰਧਾਲੂ
ਮਣੀਮਹੇਸ਼ ਜਾਣ ਦਾ ਇਹ ਇਕ ਮਾਤਰ ਰਸਤਾ ਸੀ। ਬੁਧਿਲ ਘਾਟੀ ’ਚ ਭਾਰਮੌਰ ਤੋਂ 26 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਮਣੀਮਹੇਸ਼ ਝੀਲ ਹਿਮਾਚਲ ਪ੍ਰਦੇਸ਼ ਦਾ ਇਕ ਮੁੱਖ ਤੀਰਥ ਸਥਾਨ ਹੈ। 13 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਇਸ ਝੀਲ ’ਚ ਪਵਿੱਤਰ ਇਸ਼ਨਾਨ ਕਰਨ ਲਈ ਹਰ ਸਾਲ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ। ਇਹ ਸਾਲਾਨਾ ਯਾਤਰਾ ਅਗਸਤ-ਸਤੰਬਰ ਦੌਰਾਨ ਕੀਤੀ ਜਾਂਦੀ ਹੈ।
ਸ਼ਰਮਨਾਕ : ਮਰੀਜ਼ ਦੇ ਕੱਟੇ ਹੋਏ ਪੈਰਾਂ ਨੂੰ ਹੀ ਬਣਾ ਦਿੱਤਾ ਸਿਰਹਾਣਾ
NEXT STORY