ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ 'ਤੇ ਤਿੱਖਾ ਹਮਲਾ ਬੋਲਿਆ ਹੈ। ਸਿਰਸਾ ਨੇ ਦੋਸ਼ ਲਾਇਆ ਕਿ ਆਤਿਸ਼ੀ ਦੁਆਰਾ ਕੀਤੇ ਗਏ "ਪਾਪ" ਨੂੰ ਲੁਕਾਉਣ ਲਈ ਪੂਰੀ ਪੰਜਾਬ ਪੁਲਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੁਰੱਖਿਆ, ਘਰ, ਗੱਡੀ ਅਤੇ ਜਹਾਜ਼ ਨਾ ਲੈਣ ਦੇ ਜੋ ਵਾਅਦੇ ਕੀਤੇ ਸਨ, ਉਹ ਸਭ ਝੂਠੇ ਸਾਬਤ ਹੋਏ ਹਨ। ਉਨ੍ਹਾਂ 'ਆਪ' ਨੂੰ 'ਪਾਪੀ ਪਾਰਟੀ' ਕਰਾਰ ਦਿੰਦਿਆਂ ਕਿਹਾ ਕਿ ਅੱਜ ਆਤਿਸ਼ੀ ਦੇ ਇਕ ਝੂਠ ਨੂੰ ਬਚਾਉਣ ਲਈ ਸੈਂਕੜੇ ਹੋਰ ਝੂਠ ਬੋਲੇ ਜਾ ਰਹੇ ਹਨ। ਮਨਜਿੰਦਰ ਸਿੰਘ ਸਿਰਸਾ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਦਿੱਲੀ ਦੀ ਵਿਧਾਨ ਸਭਾ ਵਿਚ ਹੋਏ ਘਟਨਾਕ੍ਰਮ ਲਈ ਪੰਜਾਬ ਸਰਕਾਰ ਅਦਾਲਤਾਂ ਵਿਚ ਕੇਸ ਲੜ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਪਾਪ ਨਹੀਂ ਕੀਤਾ ਸੀ, ਤਾਂ ਇੰਨਾ ਡਰ ਕਿਉਂ ਹੈ ਅਤੇ ਬਿਨਾਂ ਦੂਜੀ ਧਿਰ ਨੂੰ ਪਾਰਟੀ ਬਣਾਏ ਪੰਜਾਬ ਸਰਕਾਰ ਅਦਾਲਤ ਵਿਚ ਕਿਉਂ ਗਈ?
ਸਿਰਸਾ ਨੇ ਪੁਲਸ ਕਾਰਵਾਈ ਦੀ ਤੇਜ਼ ਰਫ਼ਤਾਰ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 6 ਤਾਰੀਖ਼ ਦੀ ਰਾਤ ਨੂੰ 11:49 ਵਜੇ ਅੱਧੀ ਰਾਤ ਨੂੰ FIR ਦਰਜ ਕੀਤੀ ਗਈ। ਜਿਸ ਵੀਡੀਓ ਫਾਈਲ ਨੂੰ ਆਧਾਰ ਬਣਾਇਆ ਗਿਆ ਹੈ, ਉਸ ਦੀ ਜਾਂਚ ਕਿਸੇ ਵੱਡੇ ਮਾਹਿਰ ਦੀ ਬਜਾਏ ਇਕ ਸੀਨੀਅਰ ਕਾਂਸਟੇਬਲ ਰਾਕੇਸ਼ ਕੁਮਾਰ ਕੋਲੋਂ ਕਰਵਾਈ ਗਈ ਹੈ। ਸਿਰਸਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਦਿਨ ਵਿਚ ਹੀ ਫੋਰੈਂਸਿਕ ਰਿਪੋਰਟ ਤਿਆਰ ਕਰਵਾ ਕੇ ਕਾਂਸਟੇਬਲ ਕੋਲੋਂ ਜਸਟੀਫਿਕੇਸ਼ਨ ਦਿਵਾਈ ਜਾ ਰਹੀ ਹੈ ਕਿ ਵੀਡੀਓ ਸਹੀ ਹੈ ਜਾਂ ਗਲਤ। ਸਿਰਸਾ ਨੇ ਅਖੀਰ ਵਿਚ ਕਿਹਾ ਕਿ 'ਆਪ' ਸਰਕਾਰ ਆਪਣੀ ਫੌਜ, ਪੰਜਾਬ ਪੁਲਸ ਅਤੇ ਸੋਸ਼ਲ ਮੀਡੀਆ ਰਾਹੀਂ ਆਤਿਸ਼ੀ ਦੇ ਝੂਠ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਇਸ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ।
ਸਿੱਖ ਗੁਰੂਆਂ ਬਾਰੇ ਕਥਿਤ ਟਿੱਪਣੀ: ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਆਤਿਸ਼ੀ ਨੂੰ ਨੋਟਿਸ
NEXT STORY