ਲਖਨਊ- ਬਸਪਾ ਦੀ ਸੁਪਰੀਮੋ ਮਾਇਆਵਤੀ ਵੱਲੋਂ ਐਤਵਾਰ ਸੋਸ਼ਲ ਮੀਡੀਆ ’ਤੇ ਪਾਰਟੀ ਤੇ ਮੂਵਮੈਂਟ ਦੇ ਅਸਲ ਜਾਨਸ਼ੀਨ ਨੂੰ ਲੈ ਕੇ ਪਾਈ ਗਈ ਪੋਸਟ ਤੋਂ ਬਾਅਦ ਹੁਣ ਪਾਰਟੀ ਦੀ ਵਾਗਡੋਰ ਕੌਣ ਸੰਭਾਲੇਗਾ, ਨੂੰ ਲੈ ਕੇ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ।
ਉਨ੍ਹਾਂ ਦੀ ਪੋਸਟ ਨੂੰ ਭਤੀਜੇ ਆਕਾਸ਼ ਆਨੰਦ ਲਈ ਇਕ ਅਣਅਧਿਕਾਰਤ ਚਿਤਾਵਨੀ ਮੰਨਿਆ ਜਾ ਰਿਹਾ ਹੈ। ਪੋਸਟ ਇਹ ਵੀ ਦਰਸਾਉਂਦੀ ਹੈ ਕਿ ਜੇ ਆਕਾਸ਼ ਆਨੰਦ ਨੇ ਪਾਰਟੀ ਦੇ ਤਰੀਕਿਆਂ ਨੂੰ ਧਿਆਨ ’ਚ ਰੱਖਦੇ ਹੋਏ ਕੰਮ ਨਾ ਕੀਤਾ ਤਾਂ ਉਹ ਉਨ੍ਹਾਂ ਨੂੰ ਆਪਣਾ ਜਾਨਸ਼ੀਨ ਬਣਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰ ਸਕਦੀ ਹੈ।
13 ਫਰਵਰੀ ਨੂੰ ਮਾਇਆਵਤੀ ਨੇ ਆਕਾਸ਼ ਆਨੰਦ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਕਾਰਨ ਪਾਰਟੀ ’ਚੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ।
ਮਾਇਆਵਤੀ ਨੇ ਐਤਵਾਰ ‘ਐਕਸ’ ’ਤੇ ਲਿਖਿਆ ਕਿ ਕਾਂਸ਼ੀ ਰਾਮ ਵਾਂਗ ਪਾਰਟੀ ਤੇ ਅੰਦੋਲਨ ਦਾ ਅਸਲੀ ਜਾਨਸ਼ੀਨ ਮੇਰੇ ਜੀਵਨ ਕਾਲ ਦੌਰਾਨ ਤਾਂ ਹੀ ਪੈਦਾ ਹੋਵੇਗਾ ਜੇ ਉਹ ਹਰ ਦੁੱਖ-ਦਰਦ ਦਾ ਸਾਹਮਣਾ ਕਰੇਗਾ ਤੇ ਲਹਿਰ ਨੂੰ ਅੱਗੇ ਵਧਾਉਣ ਲਈ ਦਿਲੋਂ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਮਨੁਖਤਾਵਾਦੀ ਕਾਫ਼ਲੇ ਨੂੰ ਦੇਸ਼ ’ਚ ਸੱਤਾ ਵਿਚ ਲਿਆਉਣ ਲਈ ਕਾਂਸ਼ੀ ਰਾਮ ਨੇ ਸਭ ਕੁਝ ਤਿਆਗ ਦਿੱਤਾ ਤੇ ਬਸਪਾ ਦੀ ਸਥਾਪਨਾ ਕੀਤੀ। ਅਜਿਹੀ ਪਾਰਟੀ ਅਤੇ ਲਹਿਰ ਜਿਸ ’ਚ ਨਿੱਜੀ ਹਿੱਤ, ਰਿਸ਼ਤੇ ਆਦਿ ਅਹਿਮ ਨਹੀਂ ਹੁੰਦੇ ਤੇ ਸਿਰਫ਼ ਲੋਕਾਂ ਦਾ ਹਿੱਤ ਹੀ ਸਭ ਤੋਂ ਉੱਪਰ ਹੁੰਦਾ ਹੈ। ਕਾਂਸ਼ੀ ਰਾਮ ਦੀ ਪੈਰੋਕਾਰ ਤੇ ਜਾਨਸ਼ੀਨ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਾਂਗੀ ਤੇ ਆਪਣੇ ਆਖਰੀ ਸਾਹ ਤੱਕ ਹਰ ਕੁਰਬਾਨੀ ਦੇ ਕੇ ਆਪਣਾ ਸੰਘਰਸ਼ ਜਾਰੀ ਰੱਖਾਂਗੀ।
ਮਾਇਆਵਤੀ ਨੇ ਕਿਹਾ ਕਿ ਪੂਰੇ ਦੇਸ਼ ’ਚ ਬਸਪਾ ਦੇ ਸਾਰੇ ਵੱਡੇ ਤੇ ਛੋਟੇ ਅਹੁਦੇਦਾਰਾਂ ਤੇ ਵਰਕਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣ ਤੇ ਪਾਰਟੀ ਮੁਖੀ ਦੇ ਨਿਰਦੇਸ਼ਾਂ ਦੀ ਜ਼ਿੰਮੇਵਾਰੀ ਪ੍ਰਤੀ ਜਵਾਬਦੇਹ ਰਹਿਣ।
ਭਾਰਤ ਨੂੰ ਵਿਕਸਤ ਬਣਾਉਣ ’ਚ ਕਪੜਾ ਉਦਯੋਗ ਦੀ ਹੋਵੇਗੀ ਅਹਿਮ ਭੂਮਿਕਾ : ਮੋਦੀ
NEXT STORY