ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਟੈਕਸਟਾਈਲ ਸੈਕਟਰ ’ਚ ਕੀਤੇ ਜਾ ਰਹੇ ਕੰਮ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤ 2030 ਦੇ ਟੀਚੇ ਵਾਲੇ ਸਾਲ ਤੋਂ ਪਹਿਲਾਂ ਹੀ 9 ਲੱਖ ਕਰੋੜ ਰੁਪਏ ਦੇ ਕਪੜਿਆਂ ਦੀ ਸਾਲਾਨਾ ਬਰਾਮਦ ਦੇ ਟੀਚੇ ਨੂੰ ਹਾਸਲ ਕਰ ਲਵੇਗਾ।
‘ਭਾਰਤ ਟੈਕਸ 2025’ ’ਚ ਉਨ੍ਹਾਂ ਐਤਵਾਰ ਕਿਹਾ ਕਿ ਇਹ ਇਸ ਤੱਥ ਪੱਖੋਂ ਅਹਿਮ ਹੈ ਕਿ 2025-26 ਦੇ ਕੇਂਦਰੀ ਬਜਟ ’ਚ ਕਪਾਹ ਦੀ ਉਤਪਾਦਕਤਾ ਵਧਾਉਣ ਲਈ ਪੰਜ ਸਾਲਾ ਕਪਾਹ ਮਿਸ਼ਨ ਖਾਸ ਕਰ ਕੇ ਵਾਧੂ ਲੰਬੇ ਰੇਸ਼ੇ ਵਾਲੀਆਂ ਕਿਸਮਾਂ ਦਾ ਐਲਾਨ ਕੀਤਾ ਗਿਆ ਹੈ। ਬਜਟ ’ਚ ਰਾਸ਼ਟਰੀ ਕਪਾਹ ਤਕਨਾਲੋਜੀ ਮਿਸ਼ਨ ਲਈ 500 ਕਰੋੜ ਰੁਪਏ ਰੱਖੇ ਗਏ ਹਨ।
ਮੋਦੀ ਨੇ ਕਿਹਾ ਕਿ ਜਦੋਂ ਭਾਰਤ ਪਹਿਲਾਂ ਖੁਸ਼ਹਾਲ ਸੀ ਤਾਂ ਦੇਸ਼ ਦੇ ਟੈਕਸਟਾਈਲ ਉਦਯੋਗ ਦਾ ਇਸ ’ਚ ਵੱਡਾ ਯੋਗਦਾਨ ਸੀ। ਅੱਜ ਜਦੋਂ ਭਾਰਤ ਇਕ ਵਿਕਸਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ ਤਾਂ ਇਸ ’ਚ ਸਾਡੇ ਟੈਕਸਟਾਈਲ ਉਦਯੋਗ ਦੀ ਭੂਮਿਕਾ ਵੀ ਅਹਿਮ ਹੈ। ਅਸੀਂ ਇਸ ਸਮੇਂ ਦੁਨੀਆ ’ਚ ਕੱਪੜਿਆਂ ਦੇ ਛੇਵੇਂ ਸਭ ਤੋਂ ਵੱਡੇ ਬਰਾਮਦਕਾਰ ਹਾਂ। ਸਾਡੀ ਕੱਪੜਾ ਬਰਾਮਦ ਇਸ ਸਮੇ ਲਗਭਗ 3 ਲੱਖ ਕਰੋੜ ਰੁਪਏ ਦੀ ਹੈ। ਸਾਡਾ ਟੀਚਾ ਇਸ ਅੰਕੜੇ ਨੂੰ ਤਿੰਨ ਗੁਣਾ ਕਰਨਾ ਤੇ 9 ਲੱਖ ਕਰੋੜ ਰੁਪਏ ਤਕ ਪਹੁੰਚਣ ਦਾ ਹੈ।
ਮੋਦੀ ਨੇ ਕਿਹਾ ਕਿ ਇਹ ਸਫਲਤਾ ਪਿਛਲੇ ਦਹਾਕੇ ਦੌਰਾਨ ਸਖ਼ਤ ਮਿਹਨਤ ਤੇ ਲਗਾਤਾਰ ਲਾਗੂ ਕੀਤੀਆਂ ਗਈਆਂ ਨੀਤੀਆਂ ਕਾਰਨ ਹੈ। ਇਸ ਕਾਰਨ ਟੈਕਸਟਾਈਲ ਖੇਤਰ ’ਚ ਵਿਦੇਸ਼ੀ ਨਿਵੇਸ਼ ਦੁੱਗਣਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਹੀ ਦਿਸ਼ਾ ’ਚ ਕੰਮ ਕਰ ਕੇ ਭਾਰਤ ਇਸ ਬਾਜ਼ਾਰ ’ਚ ਵੱਡਾ ਹਿੱਸਾ ਹਾਸਲ ਕਰ ਸਕਦਾ ਹੈ। ਦੇਸ਼ ਦੇ ਕੱਪੜਿਆਂ ਦੀ ਬਰਾਮਦ ’ਚ 7 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਗਈ ਹੈ। ਇਹ ਖੇਤਰ ਰੁਜ਼ਗਾਰ ਪੈਦਾ ਕਰਨ ਵਾਲਾ ਇਕ ਵੱਡਾ ਖੇਤਰ ਹੈ। ਨਾਲ ਹੀ ਉਸਾਰੀ ਦੇ ਖੇਤਰ ’ਚ 11 ਫੀਸਦੀ ਯੋਗਦਾਨ ਵੀ ਪਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਪ੍ਰਤੀਨਿਧੀਆਂ ਨੂੰ ਟੈਕਸਟਾਈਲ ਉਦਯੋਗ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਸਮਝਣ ਲਈ ਕਿਹਾ ਤੇ ਉਨ੍ਹਾਂ ਨੂੰ ਟੈਕਸਟਾਈਲ ਖੇਤਰ ਨੂੰ ਮਦਦ ਪ੍ਰਦਾਨ ਕਰਨ ਦੀ ਅਪੀਲ ਕੀਤੀ। ਉੱਥੇ ਇਕ ਇਕਾਈ ਨੂੰ ਸਿਰਫ 75 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੁੰਦੀ ਹੈ ਪਰ 2,000 ਲੋਕਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ।
ਵੱਡਾ ਗਲੋਬਲ ਆਯੋਜਕ ਬਣਦਾ ਜਾ ਰਿਹਾ ਹੈ ‘'ਭਾਰਤ ਟੈਕਸ’
ਮੋਦੀ ਨੇ ਕਿਹਾ ਕਿ 'ਭਾਰਤ ਟੈਕਸ' ਇਕ ਵੱਡਾ ਗਲੋਬਲ ਆਯੋਜਕ ਬਣਦਾ ਜਾ ਰਿਹਾ ਹੈ, ਜਿਸ ’ਚ 120 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ। ‘ਭਾਰਤ ਟੈਕਸ’ ਜੋ 14 ਤੋਂ 17 ਫਰਵਰੀ ਤੱਕ ਨਵੀਂ ਦਿੱਲੀ ’ਚ ਆਯੋਜਿਤ ਕੀਤਾ ਜਾ ਰਿਹਾ ਹੈ , ਟੈਕਸਟਾਈਲ ਉਦਯੋਗ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ।
ਇਸ ’ਚ 2 ਥਾਵਾਂ ’ਤੇ ਆਯੋਜਿਤ ਇਕ ਮੈਗਾ ਪ੍ਰਦਰਸ਼ਨੀ ਵੀ ਹੈ, ਜੋ ਪੂਰੇ ਟੈਕਸਟਾਈਲ ਈਕੋ ਸਿਸਟਮ ਨੂੰ ਪ੍ਰਦਰਸ਼ਿਤ ਕਰਦੀ ਹੈ। ਮੋਦੀ ਨੇ ਟੈਕਸਟਾਈਲ ਸੈਕਟਰ ਲਈ ਆਪਣੇ ‘5 ਐੱਫ ਵਿਜ਼ਨ’ ਦੀ ਰੂਪ-ਰੇਖਾ ਦਿੱਤੀ, ਜਿਸ ’ਚ ਖੇਤ ਭਾਵ ‘ਫਾਰਮ ਟੂ ਫਾਈਬਰ’, ‘ਫਾਈਬਰ ਟੂ ਫੈਕਟਰੀ’; ਫੈਕਟਰੀ ਟੂ ਫੈਸ਼ਨ ਤੇ ‘ਫੈਸ਼ਨ ਟੂ ਫਾਰੇਨ’ ਅਾਦਿ ਸ਼ਾਮਲ ਹਨ।
ਨਵੀਂ ਦਿੱਲੀ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਸਪੈਸ਼ਲ ਟ੍ਰੇਨਾਂ ਹੁਣ ਪਲੇਟਫਾਰਮ 16 ਤੋਂ ਹੋਣਗੀਆਂ ਰਵਾਨਾ
NEXT STORY