ਇੰਫਾਲ: ਮਣੀਪੁਰ 'ਚ ਜਾਤੀ ਹਿੰਸਾ ਦੇ ਦਰਮਿਆਨ ਇੱਕ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਕ 28 ਸਾਲਾ ਮੈਤੇਈ ਨੌਜਵਾਨ, ਮਾਇੰਗਲੰਬਮ ਰਿਸ਼ੀਕਾਂਤ ਸਿੰਘ, ਜੋ ਆਪਣੀ ਕੁਕੀ ਭਾਈਚਾਰੇ ਦੀ ਪਤਨੀ ਨੂੰ ਮਿਲਣ ਗਿਆ ਸੀ, ਨੂੰ ਅੱਤਵਾਦੀਆਂ ਨੇ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਹੱਥ ਜੋੜ ਕੇ ਮੰਗਦਾ ਰਿਹਾ ਜਾਨ ਦੀ ਭੀਖ
ਬੰਦੂਕਧਾਰੀਆਂ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਿਸ਼ੀਕਾਂਤ ਸਿੰਘ ਗੋਡਿਆਂ ਭਾਰ ਬੈਠਾ ਹੱਥ ਜੋੜ ਕੇ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਪਰ ਹਮਲਾਵਰਾਂ ਨੇ ਬਿਨਾਂ ਕਿਸੇ ਰਹਿਮ ਦੇ ਏ.ਕੇ. ਸੀਰੀਜ਼ ਦੀ ਰਾਈਫਲ ਨਾਲ ਉਸ 'ਤੇ ਬਹੁਤ ਨਜ਼ਦੀਕ ਤੋਂ ਗੋਲੀਆਂ ਚਲਾ ਦਿੱਤੀਆਂ। ਇਸ ਵੀਡੀਓ 'ਤੇ ਉਨ੍ਹਾਂ ਨੇ ਲਿਖਿਆ ਹੈ: "ਕੋਈ ਸ਼ਾਂਤੀ ਨਹੀਂ, ਕੋਈ ਲੋਕਪ੍ਰਿਯ ਸਰਕਾਰ ਨਹੀਂ"।
ਨੇਪਾਲ ਤੋਂ ਛੁੱਟੀ 'ਤੇ ਆਇਆ ਸੀ ਮ੍ਰਿਤਕ
ਰਿਸ਼ੀਕਾਂਤ ਸਿੰਘ, ਜੋ ਕਿ ਵਾਦੀ ਦੇ ਇਲਾਕੇ ਕਾਕਚਿੰਗ ਖੁਨੌ ਦਾ ਰਹਿਣ ਵਾਲਾ ਸੀ, ਨੇਪਾਲ ਵਿੱਚ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ ਛੁੱਟੀ 'ਤੇ ਘਰ ਪਰਤਿਆ ਸੀ। ਉਸਦੀ ਪਤਨੀ ਸੀ. ਹਾਓਕਿਪ ਚੂਰਾਚਾਂਦਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਸੂਤਰਾਂ ਮੁਤਾਬਕ ਪਤਨੀ ਨੇ ਆਪਣੇ ਪਤੀ ਨੂੰ ਮਿਲਣ ਲਈ ਕੁਕੀ ਨੈਸ਼ਨਲ ਆਰਗੇਨਾਈਜ਼ੇਸ਼ਨ (KNO) ਤੋਂ ਇਜਾਜ਼ਤ ਲਈ ਸੀ, ਪਰ ਸੰਗਠਨ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ।
ਜਥੇਬੰਦੀਆਂ ਨੇ ਪੱਲਾ ਝਾੜਿਆ
ਕੁਕੀ ਸੰਗਠਨਾਂ ਦੇ ਅੰਬਰੇਲਾ ਗਰੁੱਪ KNO ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਨੂੰ ਰਿਸ਼ੀਕਾਂਤ ਦੀ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਹ ਇਸ ਘਟਨਾ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ, ਯੂਨਾਈਟਿਡ ਕੁਕੀ ਨੈਸ਼ਨਲ ਆਰਮੀ (UKNA) ਨੇ ਵੀ ਇਸ ਕਤਲ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
ਹਿੰਸਾ ਭੜਕਾਉਣ ਦੀ ਕੋਸ਼ਿਸ਼
ਪੁਲਸ ਨੇ ਰਿਸ਼ੀਕਾਂਤ ਦੀ ਲਾਸ਼ ਚੂਰਾਚਾਂਦਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਬਰਾਮਦ ਕਰਕੇ ਰਾਤ 1:30 ਵਜੇ ਸਥਾਨਕ ਹਸਪਤਾਲ ਪਹੁੰਚਾਈ। ਸੂਤਰਾਂ ਅਨੁਸਾਰ, ਅੱਤਵਾਦੀਆਂ ਦਾ ਮੁੱਖ ਮਕਸਦ ਲੋਕਾਂ ਨੂੰ ਜਾਤੀ ਆਧਾਰ 'ਤੇ ਭੜਕਾਉਣਾ ਅਤੇ ਦੁਬਾਰਾ ਹਿੰਸਾ ਸ਼ੁਰੂ ਕਰਨਾ ਹੈ, ਖਾਸ ਕਰਕੇ ਜਦੋਂ ਸੂਬੇ ਵਿੱਚ ਸਰਕਾਰ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ। ਦੱਸ ਦੇਈਏ ਕਿ ਮਈ 2023 ਵਿੱਚ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਮੈਤੇਈ ਅਤੇ ਕੁਕੀ ਭਾਈਚਾਰੇ ਦੇ ਲੋਕ ਇੱਕ-ਦੂਜੇ ਦੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲੱਗੇ ਨੂੰ ਅਗਲੇ ਸਾਲ ਫਰਵਰੀ 'ਚ ਇੱਕ ਸਾਲ ਪੂਰਾ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਹੀਂ ਰੁਕ ਰਿਹਾ ਪਾਬੰਦੀਸ਼ੁਦਾ ਕਫ ਸਿਰਪ ਦਾ ਕਾਰੋਬਾਰ ! ਪੁਲਸ ਨੇ 640 ਸ਼ੀਸ਼ੀਆਂ ਸਣੇ ਮੁਲਜ਼ ਫੜਿਆ
NEXT STORY