ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਸੈਸ਼ਨ ਅਦਾਲਤ ਵਿਚ ਕਤਲ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ 22 ਸਾਲਾ ਦੋਸ਼ੀ ਨੇ ਜੱਜ 'ਤੇ ਚੱਪਲ ਸੁੱਟ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚੱਪਲ ਜੱਜ ਨੂੰ ਨਹੀਂ ਲੱਗੀ ਅਤੇ ਉਹ ਮੇਜ਼ ਦੇ ਸਾਹਮਣੇ ਲੱਕੜ ਦੇ ਫਰੇਮ ਨਾਲ ਟਕਰਾ ਕੇ ਬੈਂਚ ਕਲਰਕ ਕੋਲ ਜਾ ਡਿੱਗੀ। ਇਹ ਘਟਨਾ ਸ਼ਨੀਵਾਰ ਦੁਪਹਿਰ ਕਲਿਆਣ ਟਾਊਨ ਕੋਰਟ 'ਚ ਵਾਪਰੀ ਅਤੇ ਇਸ ਤੋਂ ਬਾਅਦ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਮਹਾਤਮਾ ਫੂਲੇ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕਿਰਨ ਸੰਤੋਸ਼ ਭਰਮ ਨੂੰ ਕਤਲ ਕੇਸ 'ਚ ਸੁਣਵਾਈ ਲਈ ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਆਰਜੀ ਵਾਘਮਾਰੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਮੁਲਜ਼ਮ ਨੇ ਜੱਜ ਨੂੰ ਆਪਣਾ ਕੇਸ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੀ ਬੇਨਤੀ ਕੀਤੀ।
ਜੱਜ ਨੇ ਦੋਸ਼ੀ ਨੂੰ ਆਪਣੇ ਵਕੀਲ ਦੇ ਮਾਧਿਅਮ ਨਾਲ ਇਸ ਲਈ ਅਪੀਲ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਦੇ ਵਕੀਲ ਦਾ ਨਾਂ ਪੁਕਾਰਿਆ ਗਿਆ ਪਰ ਉਹ ਮੌਜੂਦ ਨਹੀਂ ਸੀ ਅਤੇ ਅਦਾਲਤ 'ਚ ਪੇਸ਼ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਕਿਸੇ ਹੋਰ ਵਕੀਲ ਦਾ ਨਾਂ ਦੱਸਣ ਲਈ ਕਿਹਾ ਗਿਆ, ਜੋ ਉਸ ਦੀ ਪੈਰਵੀ ਕਰ ਸਕੇ ਅਤੇ ਅਦਾਲਤ ਨੇ ਉਸ ਨੂੰ ਨਵੀਂ ਤਾਰੀਖ਼ ਦੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ ਹੇਠਾਂ ਝੁਕ ਕੇ ਆਪਣੀ ਚੱਪਲ ਕੱਢੀ ਅਤੇ ਜੱਜ ਵੱਲ ਸੁੱਟ ਦਿੱਤੀ, ਜਿਸ ਨਾਲ ਅਦਾਲਤ 'ਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਪੁਲਸ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 132 (ਲੋਕ ਸੇਵਕ ਨੂੰ ਉਸ ਦੇ ਕਰਤੱਵ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ ਜਾਂ ਅਪਰਾਧਕ ਫ਼ੋਰਸ ਦਾ ਪ੍ਰਯੋਗ) ਅਤੇ 125 (ਦੂਜਿਆਂ ਦੇ ਜੀਵਨ ਅਤੇ ਨਿੱਜੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਵਾਲਾ ਕੰਮ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਹਿਰੀਲੀ ਗੈਸ ਦੇ ਸੰਪਰਕ 'ਚ ਆਉਣ ਨਾਲ 2 ਲੋਕ ਬੇਹੋਸ਼, ਇਕ ਦੀ ਹਾਲਤ ਨਾਜ਼ੁਕ
NEXT STORY