'ਮੋਦੀ ਯਾਦ ਰਹੇ ਨਾ ਰਹੇ ਪਰ ਜਵਾਨਾਂ ਦੀ ਵੀਰਤਾ ਹਮੇਸ਼ਾ ਅਮਰ ਰਹਿਣੀ ਚਾਹੀਦੀ ਹੈ'
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੇਸ਼ ਦੇ ਪਹਿਲੇ ਨੈਸ਼ਨਲ ਵਾਰ ਮੈਮੋਰੀਅਲ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਉਸ ਤੋਂ ਪਹਿਲਾਂ ਮੋਦੀ ਨੇ ਸਾਬਕਾ ਫੌਜੀਆਂ ਨੂੰ ਸੰਬੋਧਨ ਕੀਤਾ। ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਨਮਨ ਕਰ ਕੇ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਫੌਜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਆਜ਼ਾਦੀ ਦੇ 7 ਦਹਾਕਿਆਂ ਬਾਅਦ ਮਾਂ ਭਾਰਤੀ ਲਈ ਬਲੀਦਾਨ ਦੇਣ ਵਾਲਿਆਂ ਦੀ ਯਾਦ ਵਿਚ ਬਣਾਏ ਗਏ ਨੈਸ਼ਨਲ ਵਾਰ ਮੈਮੋਰੀਅਲ ਸਮਾਰਕ ਨੂੰ ਮੈਂ ਦੇਸ਼ ਦੀ ਜਨਤਾ ਨੂੰ ਸਮਰਪਿਤ ਕਰਾਂਗਾ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਸਦਕਾ ਸਾਲ 2014 ਵਿਚ ਅਸੀਂ ਇਹ ਸਮਾਰਕ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਅੱਜ ਤੈਅ ਸਮੇਂ ਤੋਂ ਪਹਿਲਾਂ ਇਹ ਦੇਸ਼ ਨੂੰ ਸਮਰਪਿਤ ਹੋਵੇਗਾ।
ਪੀ. ਐੱਮ. ਨੇ ਅੱਗੇ ਕਿਹਾ ਕਿ ਅਸੀਂ ਦੇਸ਼ ਦੀ ਫੌਜ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਾਂ। ਜਿਨ੍ਹਾਂ ਫੈਸਲਿਆਂ ਨੂੰ ਨਾ-ਮੁਮਕਿਨ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਮੁਮਕਿਨ ਕਰਨ ਦੇ ਕੰਮ 'ਚ ਅੱਗੇ ਵਧ ਰਹੇ ਹਾਂ। ਇਹ ਹੀ ਕਾਰਨ ਹੈ ਕਿ ਇਕ ਤੋਂ ਬਾਅਦ ਇਕ ਦੇਸ਼ ਸਾਡੇ ਨਾਲ ਰੱਖਿਆ ਸਹਿਯੋਗ ਦੇ ਸਮਝੌਤੇ ਕਰਨਾ ਚਾਹੁੰਦੇ ਹਨ। ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਕਾਰਨ ਹੀ ਦੁਨੀਆ ਦੇ ਵੱਡੇ-ਵੱਡੇ ਦੇਸ਼ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੁਰਨਾ ਚਾਹੁੰਦੇ ਹਨ। ਮੋਦੀ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਮੋਦੀ ਮਹੱਤਵਪੂਰਨ ਨਹੀਂ ਹੈ, ਸਗੋਂ ਕਿ ਇਸ ਦੇਸ਼ ਦੀ ਸੱਭਿਅਤਾ ਅਤੇ ਇਤਿਹਾਸ ਸਭ ਤੋਂ ਉੱਪਰ ਹੈ। ਮੋਦੀ ਯਾਦ ਰਹੇ ਨਾ ਰਹੇ ਪਰ ਇਸ ਦੇਸ਼ ਦੇ ਕਰੋੜਾਂ ਲੋਕਾਂ ਦੇ ਤਿਆਗ, ਤਪੱਸਿਆ, ਸਮਰਪਣ, ਵੀਰਤਾ ਅਤੇ ਉਨ੍ਹਾਂ ਦੀ ਸ਼ੌਰੀਆ ਗਾਥਾ ਅਜਰ-ਅਮਰ ਰਹਿਣੀ ਹੀ ਚਾਹੀਦੀ ਹੈ।
2009 ਤੋਂ 2014 ਤਕ 5 ਸਾਲ ਬੀਤ ਗਏ ਪਰ ਫੌਜ ਲਈ ਬੁਲੇਟ ਪਰੂਫ ਜੈਕਟ ਨਹੀਂ ਖਰੀਦੀ ਗਈ। ਇਹ ਸਾਡੀ ਸਰਕਾਰ ਹੈ, ਜਿਸ ਨੇ ਬੀਤੇ ਸਾਢੇ 4 ਸਾਲਾਂ ਵਿਚ 2 ਲੱਖ 30 ਹਜ਼ਾਰ ਤੋਂ ਵਧ ਬੁਲੇਟ ਪਰੂਫ ਜੈਕਟਾਂ ਖਰੀਦੀਆਂ ਹਨ। ਬਸ ਇੰਨਾ ਹੀ ਨਹੀਂ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਦਾ ਪਹਿਲਾ ਰਾਫੇਲ, ਭਾਰਤ ਦੇ ਆਸਮਾਨ ਵਿਚ ਉਡਾਣ ਭਰੇਗਾ। ਫੌਜ ਲਈ ਅਤਿਆਧੁਨਿਕ ਰਾਈਫਲਾਂ ਨੂੰ ਖਰੀਦਣ ਅਤੇ ਭਾਰਤ ਵਿਚ ਬਣਾਉਣ ਦਾ ਕੰਮ ਵੀ ਸਾਡੀ ਸਰਕਾਰ ਨੇ ਹੀ ਸ਼ੁਰੂ ਕੀਤਾ ਹੈ। ਹਾਲ ਹੀ ਵਿਚ ਸਰਕਰਾ ਨੇ 72 ਹਜ਼ਾਰ ਆਧੁਨਿਕ ਰਾਈਫਲਾਂ ਦੀ ਖਰੀਦ ਦਾ ਆਰਡਰ ਦਿੱਤਾ ਹੈ। ਮੋਦੀ ਨੇ ਇਸ ਦੇ ਨਾਲ ਹੀ ਵਿਰੋਧੀ ਧਿਰ 'ਤੇ ਤੰਜ਼ ਕੱਸਿਆ ਅਤੇ ਕਿਹਾ ਕਿ ਬੋਫੋਰਸ ਤੋਂ ਲੈ ਕੇ ਹੈਲੀਕਾਪਟਰ ਤਕ, ਸਾਰੀ ਜਾਂਚ ਦਾ ਇਕ ਹੀ ਪਰਿਵਾਰ ਤਕ ਪਹੁੰਚਣਾ, ਬਹੁਤ ਕੁਝ ਕਹਿ ਜਾਂਦਾ ਹੈ। ਹੁਣ ਇਹ ਲੋਕ ਪੂਰੀ ਤਾਕਤ ਲਾ ਰਹੇ ਹਨ ਕਿ ਭਾਰਤ ਵਿਚ ਰਾਫੇਲ ਜਹਾਜ਼ ਨਾ ਆਵੇ।
ਭਿਆਨਕ ਸੜਕ ਹਾਦਸੇ 'ਚ ਲਾੜੀ ਦੀ ਮੌਤ, ਪਲਾਂ 'ਚ ਉੱਜੜੀਆਂ ਖੁਸ਼ੀਆਂ
NEXT STORY