ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਰਾਬਰਟ ਵਾਡਰਾ, ਪੀ. ਚਿਦਾਂਬਰਮ ਜਾਂ ਕਿਸੇ ਦੇ ਵੀ ਖਿਲਾਫ ਜਾਂਚ ਕਰਵਾਏ ਪਰ ਰਾਫੇਲ ਘਪਲੇ 'ਤੇ ਪ੍ਰਧਾਨ ਮੰਤਰੀ ਜਵਾਬ ਦੇਣ ਅਤੇ ਕਾਰਵਾਈ ਕਰਨ। ਗਾਂਧੀ ਨੇ ਦੋਸ਼ ਲਗਾਇਆ ਕਿ ਇਸ ਜਹਾਜ਼ ਸੌਦੇ ਨੂੰ ਲੈ ਕੇ ਮੋਦੀ ਨੇ ਫਰਾਂਸ ਨਾਲ ਗੱਲਬਾਤ ਕਰ ਕੇ ਰੱਖਿਆ ਮੰਤਰਾਲੇ ਦੇ ਪੱਖ ਨੂੰ ਕਮਜ਼ੋਰ ਕੀਤਾ ਅਤੇ ਪੂਰੀ ਪ੍ਰਕਿਰਿਆ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਦੋਸਤ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਦਾ ਠੇਕਾ ਦਿਵਾਇਆ। ਉਨ੍ਹਾਂ ਨੇ ਕਾਂਗਰਸ ਹੈੱਡ ਕੁਆਰਟਰ 'ਚ ਕਿਹਾ,''ਅਸੀਂ ਇਕ ਸਾਲ ਤੋਂ ਕਹਿ ਰਹੇ ਹਾਂ ਕਿ ਪ੍ਰਧਾਨ ਮੰਤਰੀ ਰਾਫੇਲ ਘਪਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹਨ। ਮੈਂ ਦੇਸ਼ ਦੇ ਨੌਜਵਾਨਾਂ ਅਤੇ ਰੱਖਿਆ ਫੋਰਸਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਸਪੱਸ਼ਟ ਹੋ ਚੁਕਿਆ ਹੈ ਕਿ ਪ੍ਰਧਾਨ ਮੰਤਰੀ ਨੇ ਪ੍ਰਕਿਰਿਆ ਨੂੰ ਦਰਕਿਨਾਰ ਕਰਦੇ ਹੋਏ ਤੁਹਾਡੇ 30 ਹਜ਼ਾਰ ਕਰੋੜ ਚੋਰੀ ਕੀਤੇ ਅਤੇ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦੇ ਦਿੱਤੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਗਾਂਧੀ ਨੇ ਕਿਹਾ,''ਪਹਿਲਾਂ ਫਰਾਂਸਵਾ ਓਲਾਂਦ (ਫਰਾਂਸ ਦੇ ਸਾਬਕਾ ਰਾਸ਼ਟਰਪਤੀ) ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਬੋਲਿਆ ਸੀ ਕਿ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਦਿੱਤਾ ਜਾਵੇ। ਹੁਣ ਰੱਖਿਆ ਮੰਤਰਾਲੇ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਚੋਰੀ ਕੀਤੀ ਹੈ। ਪੂਰਾ ਮਾਮਲਾ ਇਕਦਮ ਸਪੱਸ਼ਟ ਹੈ। ਮੈਂ ਸਖਤ ਸ਼ਬਦ ਇਸਤੇਮਾਲ ਨਹੀਂ ਕਰਦਾ ਪਰ ਕਰਨ ਨੂੰ ਮਜ਼ਬੂਰ ਹੋ ਰਿਹਾ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਚੋਰ ਹੈ।''
ਪੀ.ਐੱਮ. ਰਾਫੇਲ 'ਤੇ ਦੇਣ ਜਵਾਬ
ਜ਼ਿਕਰਯੋਗ ਹੈ ਕਿ ਇਕ ਅਖਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਫਰਾਂਸ ਨਾਲ ਗੱਲਬਾਤ ਕੀਤੀ, ਜਿਸ ਨਾਲ ਇਸ ਗੱਲਬਾਤ 'ਚ ਰੱਖਿਆ ਮੰਤਰਾਲੇ ਦਾ ਪੱਖ ਕਮਜ਼ੋਰ ਹੋਇਆ। ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਤੇ ਅਨਿਲ ਅੰਬਾਨੀ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਸਰਕਾਰ ਤੇ ਅਨਿਲ ਅੰਬਾਨੀ ਦੇ ਸਮੂਹ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਹੋਇਆ ਹੈ। ਰਾਬਰਟ ਵਾਡਰਾ ਤੋਂ ਧਨ ਸੋਧ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛ-ਗਿੱਛ ਨੂੰ ਲੈ ਕੇ ਭਾਜਾਪ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਪ੍ਰਧਾਨ ਨੇ ਕਿਹਾ,''ਜਿਸ ਦੇ ਖਿਲਾਫ ਤੁਸੀਂ ਕਾਰਵਾਈ ਕਰਨਾ ਚਾਹੁੰਦੇ ਹੋ ਕਰੋ, ਕਿਉਂਕਿ ਤੁਸੀਂ ਸਰਕਾਰ 'ਚ ਹੋ ਪਰ ਇਸ 'ਤੇ (ਰਾਫੇਲ) ਵੀ ਕਾਰਵਾਈ ਕਰੋ। ਤੁਸੀਂ ਚਿਦਾਂਬਰਮ ਦੇ ਖਿਲਾਫ ਕੋਈ ਜਾਂਚ ਕਰਵਾਓ, ਉਹ ਇਸ ਦਾ ਸਾਹਮਣਾ ਕਰਨਗੇ। ਤੁਹਾਨੂੰ ਕਾਂਗਰਸ 'ਚ ਜਿਸ ਦੇ ਖਿਲਾਫ ਕਾਰਵਾਈ ਕਰਨਾ ਹੈ ਕਰੋ ਪਰ ਰਾਫੇਲ 'ਤੇ ਤੁਸੀਂ ਗੱਲਬਾਤ ਕੀਤੀ ਹੈ, ਇਸ 'ਤੇ ਜਵਾਬ ਦਿਓ।''
ਮੋਦੀ ਦਾ ਦੋਹਰਾ ਵਿਅਕਤੀਤੱਵ- ਇਕ ਚੋਰ ਤੇ ਦੂਜਾ ਚੌਕੀਦਾਰ
ਉਲਟਾ ਚੋਰ ਚੌਕੀਦਾਰ ਨੂੰ ਡਾਂਟੇ ਵਾਲੇ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਰਾਹੁਲ ਗਾਂਧੀ ਨੇ ਪਲਟਵਾਰ ਕਰਦੇ ਹੋਏ ਕਿਹਾ,''ਲੱਗਦਾ ਹੈ ਕਿ ਉਹ ਆਪਣੇ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਦਾ ਦੋਹਰਾ ਵਿਅਕਤੀਤੱਵ ਹੈ- ਇਕ ਚੋਰ ਦਾ ਅਤੇ ਦੂਜਾ ਚੌਕੀਦਾਰ ਹੈ। ਉਹ ਇਕ ਦਿਨ ਚੋਰ ਬਣ ਜਾਂਦੇ ਹਨ ਅਤੇ ਇਕ ਦਿਨ ਚੌਕੀਦਾਰ ਬਣ ਜਾਂਦੇ ਹਨ। ਇਹ ਇਕ ਤੋਂ ਬਾਅਦ ਇਕ ਬਹਾਨਾ ਬਣਾ ਰਹੇ ਹਨ। ਰਾਫੇਲ ਮਾਮਲੇ ਨਾਲ ਜੁੜੇ ਇਕ ਹੋਰ ਸਵਾਲ 'ਤੇ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਸਰਕਾਰ ਨੇ ਝੂਠ ਬੋਲਿਆ ਹੈ, ਇਹ ਸਪੱਸ਼ਟ ਹੈ। ਜੇਕਰ ਇਹ ਕਾਗਜ਼ਾਤ ਸਰਕਾਰ ਨੇ ਰੱਖੇ ਹੁੰਦੇ ਤਾਂ ਅਦਾਲਤ ਹੋਰ ਫੈਸਲਾ ਦਿੰਦੀ। ਅਜਿਹੇ 'ਚ ਸੁਪਰੀਮ ਕੋਰਟ ਦੇ ਫੈਸਲੇ 'ਤੇ ਸਵਾਲੀਆ ਨਿਸ਼ਾਨ ਹੈ। ਕੈਗ ਰਿਪੋਰਟ ਦੀ ਗੱਲ ਹੋਈ, ਉਹ ਵੀ ਨਹੀਂ ਆਈ। ਫੈਸਲੇ ਨੂੰ ਲੈ ਕੇ ਸਵਾਲ ਹਨ।''
ਭਾਜਪਾ ਦੇ ਚੰਗੇ ਕੰਮਾਂ 'ਚ ਕਾਂਗਰਸ ਬਣ ਰਹੀ ਹੈ ਰੁਕਾਵਟ: PM ਮੋਦੀ
NEXT STORY