ਨਵੀਂ ਦਿੱਲੀ - ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਅਤੇ ਬੈਂਕ ਮੈਨਜਮੈਂਟਾਂ ਵਿਚਾਲੇ ਮੰਗਲਵਾਰ ਨੂੰ ਹੋਈ ਗੱਲਬਾਤ ਅਸਫ਼ਲ ਰਹੀ। ਇਸ ਤੋਂ ਬਾਅਦ ਯੂਨੀਅਨ ਨੇ ਕਿਹਾ ਕਿ 28, 29 ਅਤੇ 30 ਸਤੰਬਰ ਨੂੰ ਪ੍ਰਸਤਾਵਿਤ ਦੇਸ਼ ਪੱਧਰੀ ਬੈਂਕ ਹੜਤਾਲ ਤੈਅ ਹੈ। ਉੱਥੇ ਹੀ, 26 ਅਤੇ 27 ਨੂੰ ਛੁੱਟੀ ਹੋਣ ਕਾਰਨ ਇਸ ਹੜਤਾਲ ਨਾਲ ਲਗਾਤਾਰ 5 ਦਿਨ ਬੈਂਕ ਬੰਦ ਰਹਿਣਗੇ। ਇਸ ਤੋਂ ਪਹਿਲਾਂ ਵਿੱਤ ਮੰਤਰਾਲਾ ਨੇ ਬੈਂਕ ਮੁਲਾਜ਼ਮਾਂ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ।
ਯੂਨੀਅਨ ਮੁਤਾਬਕ, ਇਸ ਤੋਂ ਪਹਿਲਾਂ ਕੇਂਦਰੀ ਮੁੱਖ ਲੇਬਰ ਕਮਿਸ਼ਨਰ ਦੇ ਸਾਹਮਣੇ ਯੂਨੀਅਨਾਂ ਦੇ ਨੁਮਾਇੰਦਿਆਂ, ਆਈ. ਬੀ. ਏ., ਬੈਂਕ ਮੈਨਜਮੈਂਟਾਂ ਅਤੇ ਵਿੱਤ ਮੰਤਰਾਲਾ ਦੇ ਨੁਮਾਇੰਦਿਆਂ ਵਿਚਾਲੇ ਮੰਗਲਵਾਰ ਨੂੰ ਲੰਬੀ ਗੱਲਬਾਤ ਚੱਲੀ ਪਰ ਮੰਗਾਂ ’ਤੇ ਕੋਈ ਸਹਿਮਤੀ ਨਹੀਂ ਬਣੀ। ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਡੀ. ਐੱਨ. ਤ੍ਰਿਵੇਦੀ ਨੇ ਦੱਸਿਆ ਕਿ ਹੜਤਾਲ ਵਿਚ ਜਨਤਕ ਖੇਤਰ ਦੇ ਬੈਂਕਾਂ ਤੋਂ ਇਲਾਵਾ ਗ੍ਰਾਮੀਣ ਬੈਂਕ, ਸਹਿਕਾਰੀ ਬੈਂਕ ਅਤੇ ਕੁਝ ਨਿੱਜੀ ਬੈਂਕਾਂ ਦੇ ਮੁਲਾਜ਼ਮ ਵੀ ਸ਼ਾਮਲ ਹਨ।
ਯੂ. ਐੱਫ. ਬੀ. ਯੂ. ਬੈਂਕਿੰਗ ਕਾਰਜਬਲ ਦੇ 90 ਫ਼ੀਸਦੀ ਹਿੱਸੇ ਦਾ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹੈ। ਇਸ ਦੀ ਮੁੱਖ ਮੰਗ 5-ਦਿਨਾ ਬੈਂਕਿੰਗ ਹੈ। ਹੋਰ ਮੰਗਾਂ ਵਿਚ ਪੈਨਸ਼ਨ ਵਿਚ ਸੋਧ ਅਤੇ ਸੁਧਾਰ ਸ਼ਾਮਲ ਹਨ। ਉਹ ਸਾਰੇ ਪੈਨਸ਼ਨਰਾਂ ਲਈ ਇਕਸਾਰ ਮਹਿੰਗਾਈ ਭੱਤਾ ਫਾਰਮੂਲਾ ਚਾਹੁੰਦੇ ਹਨ। ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਯੋਜਨਾ (ਓ. ਪੀ. ਐੱਸ.) ਵਿਚ ਜਾਣ ਦਾ ਬਦਲ ਵੀ ਉਨ੍ਹਾਂ ਦੀਆਂ ਮੰਗਾਂ ਵਿਚ ਸ਼ਾਮਲ ਹੈ।
ਨੈਸ਼ਨਲ ਹੈਰਾਲਡ ਮਾਮਲੇ ’ਚ 12 ਅਕਤੂਬਰ ਨੂੰ ਹੋਵੇਗੀ ਸੁਣਵਾਈ
NEXT STORY