ਲਖਨਊ, (ਇੰਟ.)– ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਬ੍ਰਹਮਦੱਤ ਹੱਤਿਆਕਾਂਡ ਦੇ ਦੋਸ਼ੀ ਸੰਜੀਵ ਮਾਹੇਸ਼ਵਰੀ ਜੀਵਾ ਦੀ ਬੁੱਧਵਾਰ ਨੂੰ ਲਖਨਊ ਦੇ ਸਿਵਲ ਕੋਰਟ ’ਚ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹੱਤਿਆਕਾਂਡ ਦੀ ਜਾਂਚ ਜਾਰੀ ਹੈ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਇਹ ਪਤਾ ਲੱਗਾ ਹੈ ਕਿ ਸੰਜੀਵ ਜੀਵਾ ਨੂੰ ਮਾਰਨ ਲਈ 20 ਲੱਖ ਰੁਪਏ ’ਚ ਡੀਲ ਤੈਅ ਹੋਈ ਸੀ। ਹੱਤਿਆ ਤੋਂ ਪਹਿਲਾਂ ਸ਼ੂਟਰ ਵਿਜੇ ਯਾਦਵ ਨੂੰ 5 ਹਜ਼ਾਰ ਰੁਪਏ ਪੇਸ਼ਗੀ ਅਤੇ ਰਿਵਾਲਵਰ ਦਿੱਤਾ ਗਿਆ ਸੀ। ਪੁੱਛਗਿੱਛ ’ਚ ਉਸ ਨੇ ਪੁਲਸ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਕੁਝ ਦਿਨ ਪਹਿਲਾਂ ਨੇਪਾਲ ਗਿਆ ਸੀ। ਉਥੇ ਹੀ ਇੱਕ ਵਿਅਕਤੀ ਨੇ ਉਸ ਨੂੰ ਜੀਵਾ ਦੀ ਫੋਟੋ ਦਿਖਾ ਕੇ ਮਾਰਨ ਦੀ ਸੁਪਾਰੀ ਦਿੱਤੀ ਸੀ।
ਜੀਵਾ ਦੀ ਪਤਨੀ ਨੂੰ ਸੁਪਰੀਮ ਕੋਰਟ ਦਾ ਝਟਕਾ
ਅਪਰਾਧਿਕ ਮਾਮਲੇ ’ਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਸਾਥੀ ਸੰਜੀਵ ਮਹੇਸ਼ਵਰੀ ਜੀਵਾ ਦੀ ਪਤਨੀ ਪਾਇਲ ਮਹੇਸ਼ਵਰੀ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਇਨਕਾਰ ਕਰ ਦਿੱਤਾ।
ਜੀਵਾ ਦੀ ਹਾਲ ਹੀ ਵਿੱਚ ਲਖਨਊ ਦੀ ਇੱਕ ਅਦਾਲਤ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਜੀਵਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਪਟੀਸ਼ਨ ’ਤੇ ਤੁਰੰਤ ਸੁਣਵਾਈ ਦੀ ਕੋਈ ਲੋੜ ਨਹੀਂ ਹੈ। ਕੱਲ ਪਟੀਸ਼ਨ ’ਚ ਇਸ ਆਧਾਰ ’ਤੇ ਇਸ ਦਾ ਜ਼ਿਕਰ ਕੀਤਾ ਗਿਆ ਸੀ ਕਿ ਪਟੀਸ਼ਨਕਰਤਾ ਪਾਇਲ ਮਹੇਸ਼ਵਰੀ ਦੇ ਪਤੀ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ।
ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਸਾਨੂੰ ਦੱਸਿਆ ਹੈ ਕਿ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਪਟੀਸ਼ਨਕਰਤਾ ਹਾਜ਼ਰ ਨਹੀਂ ਹੋਈ। ਅੰਤਿਮ ਸੰਸਕਾਰ ਉਸ ਦੇ ਪੁੱਤਰ ਵਲੋਂ ਕੀਤਾ ਗਿਆ।
ਬੈਂਚ ਨੇ ਕਿਹਾ ਕਿ ਇਸ ਲਈ ਸਾਨੂੰ ਛੁੱਟੀਆਂ ਦੌਰਾਨ ਸੁਣਵਾਈ ਲਈ ਮਾਮਲੇ ਨੂੰ ਸੂਚੀਬੱਧ ਕਰਨ ਦੀ ਕੋਈ ਲੋੜ ਨਹੀਂ ਦਿਖਾਈ ਦਿੰਦੀ। ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਐਡਵੋਕੇਟ ਜਨਰਲ ਗਰਿਮਾ ਪ੍ਰਸਾਦ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਪਾਇਲ ਮਹੇਸ਼ਵਰੀ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ।
ਓਡੀਸ਼ਾ ਰੇਲ ਹਾਦਸਾ : ਰੇਲਵੇ ਨੇ ਕਿਹਾ, ਡੱਬੇ ’ਚੋਂ ਲਾਸ਼ਾਂ ਦੀ ਨਹੀਂ, ਸੜੇ ਆਂਡਿਆਂ ਦੀ ਬਦਬੂ ਆ ਰਹੀ
NEXT STORY