ਨਵੀਂ ਦਿੱਲੀ— ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ 'ਚੋਂ ਇਕ ਮੁਕੇਸ਼ ਦੀ ਪਟੀਸ਼ਨ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਮੁਕੇਸ਼ ਨੇ ਦਇਆ ਪਟੀਸ਼ਨ ਖਾਰਜ ਕਰਨ ਦੇ ਰਾਸ਼ਟਰਪਤੀ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਅਰਜ਼ੀ ਖਾਰਜ ਕਰਦੇ ਹੋਇਆ ਕਿਹਾ ਕਿ ਅਰਜ਼ੀ 'ਚ ਕੋਈ ਦਮ ਨਹੀਂ ਹੈ। ਰਾਸ਼ਟਰਪਤੀ ਨੇ ਸਾਰੇ ਦਸਤਾਵੇਜ਼ ਦੇਖ ਕੇ ਪਟੀਸ਼ਨ ਨੂੰ ਖਾਰਜ ਕੀਤਾ ਹੈ, ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਸੌਂਪੇ ਗਏ ਸਨ। ਦਇਆ ਪਟੀਸ਼ਨ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਲਦਬਾਜ਼ੀ ਨਾਲ ਫੈਸਲਾ ਨਹੀਂ ਲਿਆ ਗਿਆ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦੋਸ਼ੀ ਮੁਕੇਸ਼ ਦੀ ਫਾਂਸੀ ਦਾ ਰਾਹ ਸਾਫ ਹੋ ਗਿਆ ਹੈ। ਹੁਣ ਦੋਸ਼ੀ ਕੋਲ ਕੋਈ ਵੀ ਕਾਨੂੰਨੀ ਬਦਲ ਨਹੀਂ ਬਚਿਆ ਹੈ। ਉਹ ਕਿਊਰੇਟਿਵ ਪਟੀਸ਼ਨ ਅਤੇ ਦਇਆ ਪਟੀਸ਼ਨ ਦਾਇਰ ਕਰ ਚੁੱਕਾ ਹੈ, ਜਿਸ ਨੂੰ ਕੋਰਟ ਅਤੇ ਰਾਸ਼ਟਰਪਤੀ ਦੋਹਾਂ ਵਲੋਂ ਖਾਰਜ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਨਿਰਭਯਾ ਕੇਸ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਚਾਰੇ ਦੋਸ਼ੀਆਂ ਵਿਚੋਂ ਇਕ ਮੁਕੇਸ਼ ਨੇ ਰਾਸ਼ਟਰਪਤੀ ਤੋਂ ਦਇਆ ਪਟੀਸ਼ਨ ਖਾਰਜ ਹੋਣ ਦੀ ਨਿਆਂਇਕ ਸਮੀਖਿਆ ਦੀ ਮੰਗ ਕੀਤੀ ਸੀ। ਮੰਗਲਵਾਰ ਨੂੰ ਮੁਕੇਸ਼ ਵਲੋਂ ਵਕੀਲ ਨੇ ਦੋਸ਼ ਲਾਇਆ ਸੀ ਕਿ ਰਾਸ਼ਟਰਪਤੀ ਦੇ ਸਾਹਮਣੇ ਪੂਰੇ ਦਸਤਾਵੇਜ਼ ਨਹੀਂ ਰੱਖੇ ਗਏ ਸਨ। ਦਇਆ ਪਟੀਸ਼ਨ ਨੂੰ ਛੇਤੀ ਖਾਰਜ ਕੀਤਾ ਗਿਆ। ਵਕੀਲ ਨੇ ਕਿਹਾ ਸੀ ਕਿ ਇਹ ਨਿਆਂ ਨੂੰ ਖਤਮ ਕਰਨਾ ਹੈ। ਇਸ ਮਾਮਲੇ 'ਤੇ ਕੇਂਦਰ ਵਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਮੁਕੇਸ਼ ਦੀ ਦਇਆ ਪਟੀਸ਼ਨ ਦੇ ਨਾਲ ਸਾਰਾ ਰਿਕਾਰਡ ਰਾਸ਼ਟਰਪਤੀ ਨੂੰ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਦਇਆ ਪਟੀਸ਼ਨ ਨੂੰ ਖਾਰਜ ਕੀਤਾ।
ਇੱਥੇ ਦੱਸ ਦੇਈਏ ਕਿ ਸਾਲ 2012 ਦੇ ਨਿਰਭਯਾ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਹੈ। ਦੋਸ਼ੀ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਪੈਂਤੜੇ ਅਜ਼ਮਾ ਰਹੇ ਹਨ। ਇਸ ਕੇਸ 'ਚ 6 ਦੋਸ਼ੀ ਸ਼ਾਮਲ ਸਨ, ਜਿਨ੍ਹਾਂ 'ਚੋਂ ਇਕ ਰਾਮ ਸਿੰਘ ਨੇ ਜੇਲ 'ਚ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਹੋਰ ਦੋਸ਼ੀ ਨਾਬਾਲਗ ਸੀ ਅਤੇ ਉਹ ਬਾਲ ਸੁਧਾਰ ਗ੍ਰਹਿ 'ਚ 3 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਹੁਣ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਿੱਤੀ ਜਾਵੇਗੀ।
ਮਹਾਰਾਸ਼ਟਰ 'ਚ ਵਾਪਰੇ ਹਾਦਸੇ 'ਤੇ ਪੀ. ਐੱਮ. ਮੋਦੀ ਨੇ ਜਤਾਇਆ ਦੁੱਖ
NEXT STORY