ਨਵੀਂ ਦਿੱਲੀ— ਕਾਂਗਰਸ ਅੱਜਕਲ ਬਿਹਾਰ 'ਚ ਵਾਪਰ ਰਹੀਆਂ ਵੱਖ-ਵੱਖ ਸਿਆਸੀ ਘਟਨਾਵਾਂ ਨੂੰ ਬਹੁਤ ਨੇੜਿਓਂ ਹੋ ਕੇ ਵੇਖ ਰਹੀ ਹੈ ਅਤੇ ਸੰਭਲ-ਸੰਭਲ ਕੇ ਹਰ ਕਦਮ ਚੁੱਕ ਰਹੀ ਹੈ। ਭਾਜਪਾ-ਨਿਤੀਸ਼ ਕੁਮਾਰ ਦਾ ਗਠਜੋੜ ਆਪਣੀ ਖੇਡ ਵਿਚ ਰੁੱਝਾ ਹੋਇਆ ਹੈ ਅਤੇ ਲਾਲੂ ਦੇ ਪੁੱਤਰ ਨਿਤੀਸ਼ ਕੁਮਾਰ 'ਤੇ ਤਾਬੜ ਤੋੜ ਹਮਲੇ ਕਰ ਰਹੇ ਹਨ। ਕਾਂਗਰਸ ਇਸ ਸਾਰੇ ਸਿਆਸੀ ਘਟਨਾਚੱਕਰ ਨੂੰ ਆਰਾਮ ਨਾਲ ਦੇਖ ਰਹੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਇਕ ਸੀਨੀਅਰ ਆਗੂ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਤਾਂ ਜਨਤਾ ਦਲ (ਯੂ) ਦੇ ਨਾਲ ਹਮੇਸ਼ਾ ਰਹੀਆਂ ਹਨ। ਇਹ ਦੋਵੇਂ ਪਾਰਟੀਆਂ ਜਨਤਾ ਦਲ (ਯੂ) ਲਈ ਸੁਭਾਵਕ ਸਾਥੀ ਹਨ। ਉਨ੍ਹਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਨਿਤੀਸ਼ ਕੁਮਾਰ ਨੇ ਪਿਛਲੇ ਸਾਲ ਮਹਾਗਠਜੋੜ ਨੂੰ ਛੱਡਣ ਦਾ ਜੋ ਫੈਸਲਾ ਕੀਤਾ ਸੀ, ਉਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਿਆਸੀ ਗਲਤੀ ਹੈ। ਉਨ੍ਹਾਂ ਇਸ ਸਬੰਧੀ ਹੋਰ ਵਧੇਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਪਰ ਕਿਹਾ ਕਿ ਕਾਂਗਰਸ ਅਜੇ ਵੀ ਨਿਤੀਸ਼ ਕੁਮਾਰ ਨਾਲ ਮੁੜ ਤੋਂ ਦੋਸਤੀ ਕਾਇਮ ਕਰਨ ਦੇ ਵਿਰੁੱਧ ਨਹੀਂ ਹੈ। ਅਸਲ 'ਚ ਕਾਂਗਰਸ ਨੂੰ ਪਤਾ ਹੈ ਕਿ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਦੀ ਭਾਰੀ ਅਹਿਮੀਅਤ ਹੈ। ਕਾਂਗਰਸ ਚਾਹੁੰਦੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਿਹਾਰ 'ਚੋਂ ਸਭ ਤੋਂ ਵੱਧ ਸਿਆਸੀ ਲਾਭ ਲਿਆ ਜਾਵੇ। ਪਾਰਟੀ ਨੂੰ ਭਰੋਸਾ ਹੈ ਕਿ ਉਹ ਰਾਸ਼ਟਰੀ ਜਨਤਾ ਦਲ ਨੂੰ ਮਨਾ ਲਵੇਗੀ ਅਤੇ ਕਾਂਗਰਸ ਦਾ ਉਸ ਨਾਲ ਗਠਜੋੜ ਹੋ ਜਾਵੇਗਾ।
ਗਹਿਲੋਤ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਮਹਾਗਠਜੋੜ ਨਹੀਂ ਛੱਡਣਾ ਚਾਹੀਦਾ ਸੀ। ਉਨ੍ਹਾਂ ਇੰਨੀ ਵੱਡੀ ਗਲਤੀ ਕਰ ਲਈ ਕਿ ਹੁਣ ਉਹ ਖੁਦ ਉਸ 'ਤੇ ਪਛਤਾਅ ਰਹੇ ਹਨ। ਇਕ ਉਹ ਵਿਅਕਤੀ ਜਿਸ ਨੇ ਉਦੋਂ ਮੁੱਖ ਮੰਤਰੀ ਦੀ ਕੁਰਸੀ ਛੱਡੀ ਹੋਵੇ ਜਦੋਂ ਭਾਜਪਾ ਨੇ 2013 ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਅਤੇ ਫਿਰ ਖੁਦ ਮਹਾਗਠਜੋੜ ਬਣਾਇਆ, ਨੇ ਕਿਵੇਂ ਉਸ ਨੂੰ ਛੱਡ ਦਿੱਤਾ। ਗਹਿਲੋਤ ਨੇ ਕਿਹਾ ਕਿ ਮੈਨੂੰ ਤਾਂ ਸਾਰੇ ਮਾਮਲੇ ਦੀ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਹੋਇਆ। ਹੁਣ ਅੱਜਕਲ ਸਭ ਬਿਹਾਰ ਦੀ ਸਿਆਸੀ ਸਥਿਤੀ ਦਾ ਲਾਹਾ ਲੈਣ ਦੇ ਯਤਨਾਂ 'ਚ ਹਨ।
ਕੇਜਰੀਵਾਲ ਅਤੇ ਸਿਸੋਦੀਆ ਨੇ ਰਾਬੀਆ ਸਕੂਲ ਦਾ ਲਿਆ ਜਾਇਜ਼ਾ, ਪ੍ਰਿੰਸੀਪਲ ਨੂੰ ਦਿੱਤੀ ਚੇਤਾਵਨੀ
NEXT STORY