ਰੇਵਾੜੀ/ਬਾਵਲ (ਵਧਵਾ/ਰੋਹਿਲਾ)- ਗਵਰਨਰ ਰਹਿੰਦਿਆਂ ਕੇਂਦਰ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਇਕ ਵਾਰ ਫਿਰ ਕਿਸਾਨ ਅੰਦੋਲਨ ਦੀ ਲੋੜ ਹੈ। ਬੁੱਧਵਾਰ ਨੂੰ ਜੈਪੁਰ ਜਾਂਦੇ ਹੋਏ ਉਨ੍ਹਾਂ ਦਿੱਲੀ-ਜੈਪੁਰ ਹਾਈਵੇਅ ’ਤੇ ਸਥਿਤ ਹਰਚੰਦਪੁਰ ਰੋਡ ’ਤੇ ਆਯੋਜਿਤ ਇਕ ਪ੍ਰੋਗਰਾਮ ’ਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਮ. ਐੱਸ. ਪੀ. ਅਤੇ ਹੋਰ ਵਾਅਦੇ ਪੂਰੇ ਨਹੀਂ ਕੀਤੇ। ਜੇ ਇਕ ਵਾਰ ਫਿਰ ਕਿਸਾਨ ਅੰਦੋਲਨ ਹੋਇਆ ਤਾਂ ਉਹ ਨਾ ਸਿਰਫ਼ ਇਸ ’ਚ ਸ਼ਮੂਲੀਅਤ ਕਰਨਗੇ ਸਗੋਂ ਹਰ ਥਾਂ ਧਰਨੇ ’ਤੇ ਬੈਠਣਗੇ ਅਤੇ ਸਮਰਥਨ ਵੀ ਦੇਣਗੇ। ਉਨ੍ਹਾਂ ਦਾ ਲੋਕਾਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਸੱਤਿਆਪਾਲ ਮਲਿਕ ਰਾਜਪਾਲ ਹੁੰਦਿਆਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 3 ਬਿੱਲ ਵਾਪਸ ਲੈਣ ਸਮੇਂ ਕੇਂਦਰ ਸਰਕਾਰ ਨੇ ਐਮ. ਐਸ. ਪੀ. ਦਾ ਕਾਨੂੰਨ ਬਣਾਉਣ ਅਤੇ ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣ ਵਰਗੇ ਕਈ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਹੋਏ। ਅਜਿਹੀ ਹਾਲਤ ਵਿਚ ਇਕ ਵਾਰ ਫਿਰ ਕਿਸਾਨ ਅੰਦੋਲਨ ਦੀ ਲੋੜ ਹੈ। ਉਨ੍ਹਾਂ ਹਰਿਆਣਾ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇੱਥੇ ਕਿਸਾਨਾਂ ਦੀ ਸਰਕਾਰ ਨਹੀਂ ਹੈ । ਇਹ ਸਰਕਾਰ ਜਾਤੀਵਾਦ ਦਾ ਜ਼ਹਿਰ ਘੋਲ ਰਹੀ ਹੈ। ਸਰਕਾਰ ਨੂੰ ਸਬਕ ਸਿਖਾਉਣ ਲਈ ਜਾਤਾਂ ਵਿਚ ਵੰਡੇ ਬਿਨਾਂ ਇਕਜੁੱਟ ਹੋਣਾ ਪਵੇਗਾ। ਇਸ ਮੌਕੇ ਕਿਸਾਨ ਆਗੂ ਰਾਮਕਿਸ਼ਨ ਮਹਾਲਾਵਤ ਅਤੇ ਵੱਡੀ ਗਿਣਤੀ ’ਚ ਹੋਰ ਲੋਕ ਵੀ ਹਾਜ਼ਰ ਸਨ।
ਜੰਮੂ-ਕਸ਼ਮੀਰ ’ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ ’ਚ ਡਿੱਗੀ ਕਾਰ, 8 ਲੋਕਾਂ ਦੀ ਮੌਤ
NEXT STORY