ਮੁੰਬਈ- ਮੁੰਬਈ ਪੁਲਸ ਨੇ NCP ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਹਰੀਸ਼ਕੁਮਾਰ ਬਾਲਕਰਾਮ (23) ਦੇ ਰੂਪ ਵਿਚ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦਾ ਰਹਿਣ ਵਾਲਾ ਹੈ ਅਤੇ ਉਹ ਸ਼ੂਟਰ ਨੂੰ ਪੈਸਾ ਅਤੇ ਹੋਰ ਸਾਜ਼ੋ-ਸਾਮਾਨ ਦੀ ਮਦਦ ਮੁਹੱਈਆ ਕਰਾਉਣ ਵਿਚ ਸ਼ਾਮਲ ਸੀ। ਉਨ੍ਹਾਂ ਨੇ ਦੱਸਿਆ ਕਿ ਬਾਲਕਰਾਮ ਮਹਾਰਾਸ਼ਟਰ ਦੇ ਪੁਣੇ ਦੇ ਵਾਰਜੇ ਇਲਾਕੇ ਵਿਚ ਕਬਾੜ ਵੇਚਣ ਦਾ ਕੰਮ ਕਰਦਾ ਸੀ।
ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਇਕ ਟੀਮ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਗ੍ਰਿਫ਼ਤਾਰ ਕੀਤਾ ਅਤੇ ਮੰਗਲਵਾਰ ਨੂੰ ਮੁੰਬਈ ਲੈ ਕੇ ਆਈ। ਪੁਲਸ ਨੇ ਇਸ ਤੋਂ ਪਹਿਲਾਂ ਸ਼ੂਟਰ ਗੁਰਮਲੇ ਬਲਜੀਤ ਸਿੰਘ (23) ਵਾਸੀ ਹਰਿਆਣਾ, ਧਰਮਰਾਜ ਰਾਜੇਸ਼ ਕਸ਼ਯਪ (19) ਵਾਸੀ ਉੱਤਰ ਪ੍ਰਦੇਸ਼ ਅਤੇ ‘ਸਹਿ-ਸਾਜ਼ਿਸ਼ਕਾਰ’ ਪ੍ਰਵੀਨ ਲੋਨਕਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਕ ਹੋਰ ਸ਼ੱਕੀ ਸ਼ੂਟਰ ਸ਼ਿਵਕੁਮਾਰ ਗੌਤਮ ਵਾਸੀ ਬਹਿਰਾਇਚ ਫਰਾਰ ਹੈ। ਅਧਿਕਾਰੀ ਨੇ ਕਿਹਾ ਕਿ ਬਾਲਕਰਮ, ਕਸ਼ਯਪ, ਗੌਤਮ, ਪ੍ਰਵੀਨ ਲੋਨਕਰ ਅਤੇ ਉਸ ਦੇ ਭਰਾ ਸ਼ੁਭਮ ਲੋਨਕਰ ਨਾਲ ਮਿਲ ਕੇ ਤਿੰਨ ਵਾਰ ਵਿਧਾਇਕ ਰਹੇ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਦਾ ਹਿੱਸਾ ਸੀ।
ਮੁੰਬਈ ਪੁਲਸ ਮੁਤਾਬਕ 66 ਸਾਲਾ ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਦੇ ਆਗੂ ਬਾਬਾ ਸਿੱਦੀਕੀ ਨੂੰ ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ ਖੇਤਰ ਦੇ ਖੇਰ ਨਗਰ ਵਿਚ ਉਨ੍ਹਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਵਿਅਕਤੀਆਂ ਨੇ ਘੇਰ ਲਿਆ ਅਤੇ ਗੋਲੀਆਂ ਮਾਰ ਦਿੱਤੀਆਂ। ਬਾਬਾ ਸਿੱਦੀਕੀ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁੰਬਈ ਕ੍ਰਾਈਮ ਬ੍ਰਾਂਚ ਨੇ ਸ਼ਿਵਕੁਮਾਰ ਗੌਤਮ, ਦੋਸ਼ੀ ਮੁਹੰਮਦ ਜ਼ੀਸ਼ਾਨ ਅਖਤਰ ਅਤੇ ਮਾਮਲੇ 'ਚ ਲੋੜੀਂਦੇ ਹੋਰ ਵਿਅਕਤੀਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ।
SIA ਨੇ ਰਾਜੌਰੀ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ
NEXT STORY