ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਯਾਨੀ ਸੋਮਵਾਰ ਨੂੰ ਪੁਲਸ ਅਤੇ ਨਕਸਲੀ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ। ਮੌਕੇ ਤੋਂ ਮਾਰੇ ਗਏ ਨਕਸਲੀ ਦੀ ਲਾਸ਼ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਐਡੀਸ਼ਨਲ ਪੁਲਸ ਸੁਪਰਡੈਂਟ ਓਮ ਚੰਦੇਲ ਮੁਤਾਬਕ ਜ਼ਿਲ੍ਹੇ ਦੇ ਭੇਜੀ ਥਾਣਾ ਖੇਤਰ ਦੇ ਜੰਗਲਾਂ 'ਚ ਸਵੇਰੇ ਤੜਕੇ ਮੁਕਾਬਲਾ ਹੋਇਆ, ਜਿਸ 'ਚ ਜਵਾਨਾਂ ਨੇ ਇਕ ਨਕਸਲੀ ਨੂੰ ਮਾਰ ਦਿੱਤਾ। ਮਾਰੇ ਗਏ ਨਕਸਲੀ 'ਤੇ 5 ਲੱਖ ਦਾ ਇਨਾਮ ਐਲਾਨ ਸੀ। ਸ਼੍ਰੀ ਚੰਦੇਲ ਨੇ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਪੁਲਸ ਅਤੇ ਕੇਂਦਰੀ ਸੁਰੱਖਿਆ ਫ਼ੋਰਸ ਦੇ ਜਵਾਨਾਂ ਦੀ ਸਾਂਝੀ ਟੀਮ ਸਵੇਰੇ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਪਟੇਲਪਾਰਾ ਅਤੇ ਬੰਕੂਪਾਰਾ ਦੇ ਜੰਗਲਾਂ 'ਚ ਪਹਿਲਾਂ ਤੋਂ ਹੀ ਬੈਠੇ ਨਕਸਲੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਨਕਸਲੀਆਂ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਆਤਮ ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ।
ਐੱਸ.ਪੀ. ਸ਼੍ਰੀ ਚੰਦੇਲ ਨੇ ਦੱਸਿਆ ਕਿ ਮੁਕਾਬਲੇ 'ਚ ਜਵਾਨਾਂ ਨੂੰ ਭਾਰੀ ਪੈਂਦਾ ਦੇਖ ਨਕਸਲੀ ਸੰਘਣੇ ਜੰਗਲਾਂ ਦੀ ਆੜ ਲੈ ਕੇ ਦੌੜਨ 'ਚ ਕਾਮਯਾਬ ਰਹੇ। ਗੋਲੀਬਾਰੀ ਖ਼ਤਮ ਹੋਣ ਤੋਂ ਬਾਅਦ ਜਵਾਨਾਂ ਵੱਲੋਂ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਤਲਾਸ਼ੀ ਲਈ ਗਈ, ਜਿਸ ਵਿਚ ਇਕ ਨਕਸਲੀ ਦੀ ਲਾਸ਼ ਬਰਾਮਦ ਹੋਈ ਹੈ। ਮੁਕਾਬਲੇ ਵਿਚ ਮਾਰੇ ਗਏ ਨਕਸਲੀ ਦੀ ਪਛਾਣ ਹੜਮਾ ਉਰਫ਼ ਸੰਕੂ ਵਜੋਂ ਦੱਸੀ ਜਾ ਰਹੀ ਹੈ। ਨਕਸਲੀ ਹੜਮਾ ਉਰਫ਼ ਸੰਕੂ ਡੀ.ਵੀ.ਸੀ. ਮੈਂਬਰ ਦੱਸਿਆ ਜਾ ਰਿਹਾ ਹੈ। ਉਹ ਮਾੜ ਖੇਤਰ ਵਿਚ ਸਰਗਰਮ ਸੀ। ਸੰਕੂ ਸੁਕਮਾ ਜ਼ਿਲ੍ਹੇ ਵਿਚ ਕਈ ਵੱਡੀਆਂ ਨਕਸਲੀ ਵਾਰਦਾਤਾਂ ਵਿਚ ਵੀ ਸ਼ਾਮਲ ਸੀ। ਇਸ ਮੁਕਾਬਲੇ ਵਿਚ 3-4 ਨਕਸਲੀਆਂ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਦੀ ਟੀਮ ਮੌਕੇ ਤੋਂ ਵਾਪਸ ਨਹੀਂ ਆਈ ਹੈ। ਮੁਕਾਬਲੇ 'ਚ ਸਾਰੇ ਜਵਾਨ ਸੁਰੱਖਿਅਤ ਦੱਸੇ ਜਾ ਰਹੇ ਹਨ।
ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ
NEXT STORY