ਨਵੀਂ ਦਿੱਲੀ - ਅਮਰੀਕੀ ਕੰਪਨੀ ਪੈਪਸੀਕੋ ਨੂੰ ਆਪਣੇ ਲੋਕਪ੍ਰਿਯ ਚਿਪਸ ਬ੍ਰਾਂਡ ਲੇਜ਼ ਦੇ ਇਕ ਛੋਟੇ ਜਿਹੇ ਪੈਕਟ ਕਾਰਨ ਵੱਡਾ ਝਟਕਾ ਲੱਗਾ ਹੈ। ਮਾਮਲਾ ਸਿਰਫ਼ 5 ਰੁਪਏ ਦੇ ਚਿਪਸ ਦੇ ਪੈਕਟ ਦਾ ਹੈ ਪਰ ਇਸ ਦੀ ਕੀਮਤ ਕੰਪਨੀ ਨੂੰ 8,000 ਰੁਪਏ ਤੋਂ ਜ਼ਿਆਦਾ ਚੁਕਾਉਣੀ ਪੈ ਸਕਦੀ ਹੈ। ਅਸਲ ’ਚ, ਜੈਪੁਰ ਦੇ ਇਕ ਗਾਹਕ ਨੇ ਕੰਪਨੀ ਦੇ ਖਿਲਾਫ ਖਪਤਕਾਰ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਸੀ। ਗਾਹਕ ਦਾ ਦੋਸ਼ ਸੀ ਕਿ 15 ਗ੍ਰਾਮ ਵਜ਼ਨ ਦੱਸ ਕੇ ਵੇਚੇ ਗਏ ਪੈਕਟ ’ਚ ਮਹਿਜ਼ 4 ਗ੍ਰਾਮ ਚਿਪਸ ਮਿਲੇ। ਮਾਮਲੇ ਦੀ ਸੁਣਵਾਈ ਤੋਂ ਬਾਅਦ ਕੰਜਿਊਮਰ ਕਮਿਸ਼ਨ ਨੇ ਪੈਪਸੀਕੋ ਨੂੰ ਗਾਹਕ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਮਾਮਲਾ ਜੈਪੁਰ ਦੇ ਕਾਰੋਬਾਰੀ ਚੰਦਰਮਨ ਜਾਲਾਨ ਨਾਲ ਜੁੜਿਆ ਹੈ। ਇਕ ਰਿਪੋਰਟ ਮੁਤਾਬਕ, ਉਨ੍ਹਾਂ ਨੇ 10 ਨਵੰਬਰ 2020 ਨੂੰ ਮੈਟਰੋ ਕੈਸ਼ ਐਂਡ ਕੈਰੀ ਇੰਡੀਆ ਦੇ ਆਊਟਲੈੱਟ ਤੋਂ ਘਰੇਲੂ ਸਾਮਾਨ ਦੇ ਨਾਲ ਲੇਜ਼ ਦਾ 5 ਰੁਪਏ ਵਾਲਾ ਪੈਕਟ ਖਰੀਦਿਆ ਸੀ। ਪੈਕਟ ’ਤੇ ਚਿਪਸ ਦਾ ਵਜ਼ਨ 15 ਗ੍ਰਾਮ ਦਰਜ ਸੀ।
ਜਦੋਂ ਜਾਲਾਨ ਨੇ ਮਹਿਮਾਨਾਂ ਨੂੰ ਚਿਪਸ ਪਰੋਸਣ ਲਈ ਪੈਕਟ ਖੋਲ੍ਹਿਆ, ਤਾਂ ਉਨ੍ਹਾਂ ਨੂੰ ਉਸ ਦਾ ਵਜ਼ਨ ਘੱਟ ਮਹਿਸੂਸ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮਸ਼ੀਨ ਨਾਲ ਵਜ਼ਨ ਕੀਤਾ। ਜਾਂਚ ’ਚ ਪੈਕਟ ਦੇ ਅੰਦਰ ਸਿਰਫ਼ 4 ਗ੍ਰਾਮ ਚਿਪਸ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ।
ਕੰਜ਼ਿਊਮਰ ਕੋਰਟ ’ਚ ਪਹੁੰਚਿਆ ਮਾਮਲਾ
ਜਾਲਾਨ ਨੇ 6 ਅਪ੍ਰੈਲ 2022 ਨੂੰ ਜ਼ਿਲਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ-II, ਜੈਪੁਰ ’ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਪੈਪਸੀਕੋ ’ਤੇ ਸੇਵਾ ’ਚ ਕਮੀ ਅਤੇ ਅਨ-ਉਚਿਤ ਵਪਾਰ ਵਿਵਹਾਰ ਦਾ ਦੋਸ਼ ਲਾਇਆ।
ਸੁਣਵਾਈ ਦੌਰਾਨ ਮੈਟਰੋ ਕੈਸ਼ ਐਂਡ ਕੈਰੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਸਿਰਫ ਉਤਪਾਦ ਦਾ ਵਿਕ੍ਰੇਤਾ ਹੈ। ਪੈਕਟ ’ਚ ਵਜ਼ਨ ਘੱਟ ਹੋਣ ਦੀ ਜ਼ਿੰਮੇਵਾਰੀ ਨਿਰਮਾਤਾ ਕੰਪਨੀ ਦੀ ਹੈ। ਦੂਜੇ ਪਾਸੇ, ਨੋਟਿਸ ਮਿਲਣ ਦੇ ਬਾਵਜੂਦ ਪੈਪਸੀਕੋ ਵੱਲੋਂ ਕੋਈ ਪ੍ਰਤੀਨਿਧੀ ਅਦਾਲਤ ’ਚ ਪੇਸ਼ ਨਹੀਂ ਹੋਇਆ।
ਦਸਤਾਵੇਜ਼ਾਂ ਅਤੇ ਉਪਲਬਧ ਸਬੂਤਾਂ ਦੀ ਜਾਂਚ ਤੋਂ ਬਾਅਦ ਕਮਿਸ਼ਨ ਨੇ ਰਿਟੇਲਰ ਦੇ ਖਿਲਾਫ ਸ਼ਿਕਾਇਤ ਖਾਰਿਜ ਕਰ ਦਿੱਤੀ ਅਤੇ ਨਿਰਮਾਤਾ ਕੰਪਨੀ ਪੈਪਸੀਕੋ ਨੂੰ ਜ਼ਿੰਮੇਵਾਰ ਮੰਨਿਆ।
ਕੀ ਕਿਹਾ ਕੰਜਿਊਮਰ ਕੋਰਟ ਨੇ
ਕੰਜਿਊਮਰ ਕਮਿਸ਼ਨ ਨੇ ਕੰਪਨੀ ਨੂੰ ਗਾਹਕ ਨੂੰ 5 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ 6 ਅਪ੍ਰੈਲ 2022 ਤੋਂ ਭੁਗਤਾਨ ਹੋਣ ਤੱਕ 6 ਫੀਸਦੀ ਸਾਲਾਨਾ ਵਿਆਜ ਵੀ ਦੇਣਾ ਪਵੇਗਾ।
ਕਮਿਸ਼ਨ ਨੇ ਮਾਨਸਿਕ ਪ੍ਰੇਸ਼ਾਨੀ ਲਈ 5,000 ਰੁਪਏ ਅਤੇ ਮੁਕੱਦਮੇ ਦੇ ਖਰਚੇ ਦੇ ਤੌਰ ’ਤੇ 3,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਸ ਤਰ੍ਹਾਂ ਕੰਪਨੀ ਨੂੰ ਕੁੱਲ 8,000 ਰੁਪਏ ਦੇ ਮੁਆਵਜ਼ੇ ਦੇ ਨਾਲ ਪੈਕਟ ਦੀ ਕੀਮਤ ਅਤੇ ਉਸ ’ਤੇ ਵਿਆਜ ਵੀ ਦੇਣਾ ਪਵੇਗਾ। ਕਮਿਸ਼ਨ ਨੇ ਭੁਗਤਾਨ ਲਈ ਫੈਸਲੇ ਦੇ ਇਕ ਮਹੀਨੇ ਦੀ ਸਮਾਂ-ਹੱਦ ਤੈਅ ਕੀਤੀ ਹੈ।
ਦਿੱਲੀ ਦੀ ਮੰਗੋਲਪੁਰੀ 'ਚ ਮੌਤ ਦਾ ਤਾਂਡਵ, ਜੁੱਤੀਆਂ ਦੀ ਫੈਕਟਰੀ 'ਚ ਲੱਗੀ ਅੱਗ ਨੇ ਲਈਆਂ 4 ਜ਼ਿੰਦਗੀਆਂ
NEXT STORY