ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ, 350 ਸਾਲਾ ਸ਼ਹੀਦੀ ਨਗਰ ਕੀਰਤਨ ਵਿਚ ਅੜਿਕੇ ਪਾਉਣ, ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਅਤੇ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਦੋਸ਼ ਲਗਾ ਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਸਿਆਸੀ ਆਕਾ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹੋ ਕੇ ਸਜਾਏ ਗਏ ਨਗਰ ਕੀਰਤਨ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਕਾਲਕਾ ਟੀਮ ਨੇ, ਦਿੱਲੀ ਵਿਚ ਇਸ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਲਈ ਸ਼ੁਰੂ ਤੋਂ ਹੀ ਕੋਝੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ।
ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ ਵਿਖੇ 25 ਅਕਤੂਬਰ ਦੇ ਗੁਰਮਤਿ ਸਮਾਗਮ ਲਈ ਵਾਸਤੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ 4 ਸਤੰਬਰ ਨੂੰ ਹੀ ਜਾਣੂ ਕਰਵਾ ਦਿੱਤਾ ਗਿਆ ਅਤੇ ਫਿਰ ਪ੍ਰਬੰਧਕਾਂ ਦੇ ਕਹੇ ਮੁਤਾਬਿਕ ਸ਼੍ਰੋਮਣੀ ਕਮੇਟੀ ਨੇ ਸਮਾਗਮ ਲਈ ਚਿੱਠੀ ਵੀ ਦੇ ਦਿੱਤੀ। ਪਰ ਕਮੇਟੀ ਪ੍ਰਬੰਧਕਾਂ ਨੇ 25 ਅਕਤੂਬਰ ਦੇ ਸਮਾਗਮ ਲਈ ਪੰਜਾਬ ਸਰਕਾਰ ਨੂੰ ਥਾਂ ਦੇ ਦਿੱਤੀ ਜਦਕਿ ਉਨ੍ਹਾਂ ਨੇ 17 ਅਕਤੂਬਰ ਲਈ ਮੰਗੀ ਸੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਬਹਾਨਾ ਇਹ ਲਗਾ ਦਿੱਤਾ ਗਿਆ ਕਿ 25 ਅਕਤੂਬਰ ਵਾਸਤੇ ਹਾਲ ਪਹਿਲਾਂ ਹੀ ਬੁੱਕ ਹੈ। ਸਰਨਾ ਨੇ ਇਹ ਵੀ ਦੱਸਿਆ ਕਿ ਅਜਿਹਾ ਇਤਿਹਾਸ ਵਿਚ ਪਹਿਲੀ ਵਾਰੀ ਹੋਇਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 25 ਅਕਤੂਬਰ ਨੂੰ ਹੋਏ ਗੁਰਮਤਿ ਸਮਾਗਮ ਵਿਚ ਸੰਗਤਾਂ ਦੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਗਿਆ।
ਸਰਨਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸ਼ਹੀਦੀ ਨਗਰ ਕੀਰਤਨ ਨੂੰ ਨਾਕਾਮ ਕਰਨ ਦੀ ਸਾਜਿਸ਼ ਤਹਿਤ ਪੂਰੀ ਕਾਲਕਾ ਟੀਮ ਨੇ ਇਸ ਨਗਰ ਕੀਰਤਨ ਵਿਚ ਸਟਾਲ ਲਗਾਉਣ ਤੋਂ ਦੂਰੀ ਬਣਾਈ, ਇੱਥੇ ਹੀ ਬਸ ਨਹੀਂ ਬਲਕਿ ਵੱਖ ਵੱਖ ਇਲਾਕਿਆਂ ਵਿਚ ਹੋਰਨਾ ਲੋਕਾਂ ਨੂੰ ਸਟਾਲ ਲਗਾਉਣ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਹਰ ਹੱਥਕੰਡਾ ਵਰਤਿਆਂ,ਪਰ ਸੰਗਤਾਂ ਇਨ੍ਹਾਂ ਦੇ ਝਾਂਸੇ ਜਾਂ ਦਬਾਅ ਵਿਚ ਨਹੀਂ ਆਈਆਂ ਅਤੇ ਪੂਰੀ ਦਿੱਲੀ ਵਿਚ ਸੰਗਤਾਂ ਨੇ ਵੱਧ ਚੜ ਕੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ।
ਸਰਨਾ ਨੇ ਕਿਹਾ ਕਿ ਜਦੋਂ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਦੇ ਸਾਰੇ ਹੱਥਕੰਡੇ ਫੇਲ ਹੁੰਦੇ ਨਜ਼ਰ ਆਏ ਤਾਂ ਕਾਲਕਾ ਟੀਮ ਨੇ ਨਗਰ ਕੀਰਤਨ ਦੌਰਾਨ ਹੀ ਜਨਰਲ ਇਜਲਾਸ ਸੱਦ ਕੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦਾ ਢੱਕਵੰਜ ਬੱਚਿਆ ਅਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਜਨਰਲ ਇਜਲਾਸ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਤਾਂ ਕਾਲਕਾ ਟੀਮ ਨੇ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਹੋਏ ਸਿੱਧੇ ਤੌਰ 'ਤੇ ਸ੍ਰੀ ਅਕਾਲ ਤਖਤ ਨੂੰ ਵੀ ਪਿੱਠ ਦਿਖਾਉਣ ਤੋਂ ਸ਼ਰਮ ਮਹਿਸੂਸ ਨਹੀਂ ਕੀਤੀ। ਸਰਨਾ ਨੇ ਕਿਹਾ ਕਿ ਕਾਲਕਾ ਟੀਮ ਦੀ ਇਹ ਵੀ ਕੋਸ਼ਿਸ਼ ਸੀ ਕਿ ਅਸੀਂ ਨਗਰ ਕੀਰਤਨ ਨੂੰ ਛੱਡ ਕੇ ਜਨਰਲ ਇਜਲਾਸ ਵਿਚ ਸ਼ਾਮਲ ਹੁੰਦੇ ਤਾਂਕਿ ਉਹ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਲਈ ਹੋਰ ਹੱਥਕੰਡੇ ਵਰਤ ਸਕਦੇ । ਪਰ ਅਸੀਂ ਸ਼ਹੀਦੀ ਨਗਰ ਕੀਰਤਨ ਨੂੰ ਹੀ ਤਵੱਜੋ ਦੇ ਕੇ ਕਾਲਕਾ ਟੀਮ ਦੇ ਮਨਸੂਬੇ ਫੇਲ ਕਰ ਦਿੱਤੇ । ਉਨ੍ਹਾਂ ਕਿਹਾ ਕਿ ਕਾਲਕਾ ਟੀਮ ਇਹ ਭੁੱਲ ਗਈ ਕਿ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਕਿਸੇ ਮੈਂਬਰਸ਼ਿਪ ਦਾ ਭੁੱਖਾ ਨਹੀਂ ਹੁੰਦਾ।
ਦਿੱਲੀ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਢੱਕਵੰਜ ਤੋਂ ਬਾਅਦ ਕਾਲਕਾ ਨੇ ਮੀਡੀਆ ਸਾਹਮਣੇ ਖੁੱਦ ਮੰਨਿਆ ਕਿ ਅਜਿਹੇ ਫੈਸਲੇ ਲਈ ਉਸ ਉੱਤੇ ਸਰਕਾਰ ਦਾ ਬਹੁਤ ਦਬਾਅ ਸੀ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ ਰਾਹੀਂ ਦਿੱਲੀ ਕਮੇਟੀ ਪ੍ਰਬੰਧ ਵਿਚ ਹਰ ਤਰ੍ਹਾਂ ਦੀ ਸਰਕਾਰੀ ਦਖਲਅੰਦਾਜੀ ਕੀਤੀ ਜਾ ਰਹੀ ਹੈ। ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਫੈਸਲੇ ਪਿੱਛੇ ਇੱਕ ਹੋਰ ਵੱਡੇ ਕਾਰਨ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਦਰਅਸਲ ਨੇੜਲੇ ਭਵਿੱਖ ਵਿਚ ਗੁਰਦੁਆਰਾ ਚੋਣਾਂ ਹੋਣ ਵਾਲੀਆਂ ਹਨ ਅਤੇ ਕਾਲਕਾ-ਸਿਰਸਾ ਟੀਮ ਨੂੰ ਚਿੱਟੇ ਦਿਨ ਵਾਂਗ ਇਹ ਨਜ਼ਰ ਆ ਚੁੱਕਾ ਹੈ ਕਿ ਹੁਣ ਇਨ੍ਹਾਂ ਦਾ ਮੁਕੰਮਲ ਸਫਾਇਆ ਹੋ ਜਾਏਗਾ । ਇਸੇ ਕਰਕੇ ਜਿਥੇ ਇੱਕ ਪਾਸੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ, ਉੱਥੇ ਹੀ ਨਾਲ ਨਾਲ ਦੂਜੇ ਪਾਸੇ ਸਾਡੀ ਮੈਂਬਰੀ ਰੱਦ ਕਰਵਾਉਣ ਦਾ ਢੁੱਕਵੰਜ ਰੱਚਿਆ ਗਿਆ ।
ਸਰਨਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਕਾਲਕਾ ਸਿਰਸਾ ਵੱਲੋਂ ਕੀਤੀ ਗਈ ਭਾਰੀ ਲੁੱਟ ਖਸੂਟ ਨੇ ਦਿੱਲੀ ਕਮੇਟੀ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਹਰ ਪੱਖੋ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਅਤੇ ਹੁਣ ਜਦੋਂ ਸੰਗਤਾਂ ਵੱਲੋਂ ਇਨ੍ਹਾਂ ਗੱਲਾਂ ਦੇ ਜਵਾਬ ਮੰਗੇ ਜਾ ਰਹੇ ਹਨ ਤਾਂ ਇਨ੍ਹਾਂ ਵੱਲੋਂ ਹਰ ਹੱਥਕੰਡਾ ਵਰਤ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਲਕਾ-ਸਿਰਸਾ ਟੀਮ ਜਿੱਥੇ ਵੀ ਜਾਂਦੀ ਹੈ, ਉਥੇ ਹੀ ਸੰਗਤਾਂ ਵੱਲੋਂ ਇਨ੍ਹਾਂ ਮੂਹਰੇ ਸਵਾਲਾਂ ਦੀ ਝੜੀ ਲਗਾ ਦਿੱਤੀ ਜਾਂਦੀ ਹੈ ਅਤੇ ਪਰ ਇਹ ਜਵਾਬ ਦੇਣ ਦੀ ਬਜਾਏ ਸੰਗਤਾਂ ਕੋਲੋਂ ਮੂੰਹ ਲੁਕਾ ਲੈਂਦੇ ਹਨ ਜਾਂ ਫਿਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਵਿਰੋਧੀ ਖਿਲਾਫ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਇਨ੍ਹਾਂ ਨੂੰ ਸਵਾਲ ਪੁੱਛਦੀਆਂ ਹਨ ਕਿ ਤੁਸੀਂ ਇੰਨੀ ਜ਼ਿਆਦਾ ਲੁੱਟ ਖਸੂਟ ਕਰਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ 500 ਕਰੋੜ ਰੁਪਏ ਦਾ ਕਰਜ਼ਦਾਰ ਕਿਉਂ ਬਣਾਇਆ ? ਇਸ ਤੋਂ ਇਲਾਵਾ ਸੰਗਤਾਂ ਵੱਲੋਂ, ਦਿੱਲੀ ਕਮੇਟੀ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਨ ਵਾਲੀ ਡੀਲਾਇਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਲੁਕਾਉਣ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਕਾਲਕਾ-ਸਿਰਸਾ ਟੀਮ ਮੂੰਹ ਫੇਰ ਲੈਂਦੀ ਹੈ । ਜਦੋਂ ਸੰਗਤਾਂ ਇਹ ਪੁੱਛਦੀਆਂ ਹਨ ਕਿ ਤੁਸੀਂ ਨਿਯਮਾਂ ਦੀ ਭਾਰੀ ਉਲੰਘਣਾ ਕਰਕੇ ਦਿੱਲੀ ਕਮੇਟੀ ਮੈਂਬਰਾਂ ਦੇ ਪਰਿਵਾਰ ਵਾਲਿਆਂ ਨੂੰ ਕਮੇਟੀ ਦੇ ਅਦਾਰਿਆਂ ਵਿਚ ਨੌਕਰੀ ਦੇ ਕੇ ਆਮ ਸਿੱਖ ਬੱਚਿਆਂ ਦਾ ਹੱਕ ਕਿਉ ਮਾਰਿਆ ? ਤਾਂ ਤਦ ਵੀ ਇਹ ਜਵਾਬ ਦੇਣ ਤੋਂ ਪਾਸਾ ਵੱਟ ਜਾਂਦੇ ਹਨ।
ਸਰਨਾ ਨੇ ਕਿਹਾ ਕਿ ਕਾਲਕਾ ਸਿਰਸਾ ਟੀਮ ਨੂੰ ਸੰਗਤਾਂ ਦੀ ਨਾਰਾਜ਼ਗੀ ਦਾ ਇੰਨਾ ਜ਼ਿਆਦਾ ਡਰ ਸਤਾ ਰਿਹਾ ਹੈ ਕਿ ਇਹ ਗੁਰਦੁਆਰਾ ਚੋਣਾਂ ਨੂੰ ਲੰਮੇ ਸਮੇਂ ਤਕ ਲਮਕਾਉਣ ਦੇ ਮਨਸੂਬੇ ਪਾਲ ਰਹੇ ਹਨ । ਸਰਨਾ ਨੇ ਕਿਹਾ ਕਿ ਇਹ ਆਪਣੀਆਂ ਨਾਕਾਮੀਆਂ ਤੇ ਭ੍ਰਿਸ਼ਟਾਚਾਰ ਲੁਕਾਉਣ ਲਈ ਜਿੰਨੇ ਮਰਜ਼ੀ ਹੱਥਕੰਡੇ ਵਰਤ ਲੈਣ ਪਰ ਦਿੱਲੀ ਦੀਆਂ ਸੰਗਤਾਂ ਇਨ੍ਹਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਣਗੀਆਂ।
ਛੱਤੀਸਗੜ੍ਹ ’ਚ 7 ਨਕਸਲੀ ਗ੍ਰਿਫਤਾਰ
NEXT STORY