ਭੋਪਾਲ (ਵਾਰਤਾ)- ਮੱਧ ਪ੍ਰਦੇਸ਼ 'ਚ ਕਿਸੇ ਵੀ ਮਾਮਲੇ ਨੂੰ ਲੈ ਕੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਜਾਂਚ ਨਾਲ ਜੁੜੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਪਟਵਾਰੀ ਵਲੋਂ ਮੰਗਲਵਾਰ ਨੂੰ 'ਐਕਸ' 'ਤੇ ਜਨਤਕ ਕੀਤੀ ਗਈ ਇਸ ਚਿੱਠੀ 'ਚ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਲਿਆਂਦਾ ਗਿਆ ਇਕ ਫ਼ੈਸਲਾ ਕਾਫ਼ੀ ਸਾਰੇ ਸਵਾਲ ਪੈਦਾ ਕਰਦਾ ਹੈ, ਜਿਨ੍ਹਾਂ ਦਾ ਜਵਾਬ ਜਨਤਾ ਨੂੰ ਦੱਸਿਆ ਜਾਣਾ ਚਾਹੀਦਾ। ਉਨ੍ਹਾਂ ਦਾਅਵਾ ਕਰਦੇ ਹੋਏ ਲਿਖਿਆ ਹੈ,''ਪ੍ਰਦੇਸ਼ ਦੀ ਸਰਕਾਰ ਨੇ ਹਾਲ ਹੀ 'ਚ ਇਕ ਫ਼ੈਸਲਾ ਲਿਆ ਹੈ, ਜਿਸ ਦੇ ਅਧੀਨ ਸੂਬੇ 'ਚ ਹੁਣ ਸੀ.ਬੀ.ਆਈ. ਦੀ ਕਿਸੇ ਮਾਮਲੇ ਦੀ ਜਾਂਚ ਤੋਂ ਪਹਿਲਾਂ ਸੂਬਾ ਸਰਕਾਰ ਤੋਂ ਲਿਖਤੀ 'ਚ ਮਨਜ਼ੂਰੀ ਲੈਣੀ ਹੋਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਜਾਂਚ ਏਜੰਸੀਆਂ ਐਕਸ਼ਨ ਲੈ ਸਕਣਗੀਆਂ, ਮੱਧ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਹੀ ਗ੍ਰਹਿ ਮੰਤਰਾਲਾ ਦੀ ਜ਼ਿੰਮੇਵਾਰੀ ਵੀ ਹੈ, ਇਸ ਲਈ ਬਿਨਾਂ ਉਨ੍ਹਾਂ ਦੀ ਸਹਿਮਤੀ ਦੇ ਫ਼ੈਸਲਾ ਗ੍ਰਹਿ ਮੰਤਰਾਲਾ ਵਲੋਂ ਨਹੀਂ ਲਿਆ ਜਾ ਸਕਦਾ।''
ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸੂਬੇ 'ਚ ਇੰਨੀਂ ਦਿਨੀਂ ਚਰਚਾਵਾਂ 'ਚ ਬਣੇ ਨਰਸਿੰਗ ਘਪਲੇ ਨਾਲ ਜੋੜਦੇ ਹੋਏ ਦੋਸ਼ ਲਗਾਇਆ ਹੈ ਕਿ ਇਸ ਘਪਲੇ 'ਚ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਅਤੇ ਹੋਰ ਆਗੂਆਂ ਦੀ ਭੂਮਿਕਾ ਬਿਲਕੁੱਲ ਸਪੱਸ਼ਟ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜੇਕਰ ਸਹੀ ਤਰ੍ਹਾਂ ਜਾਂਚ ਹੋਵੇ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਸੰਭਵ ਹੈ। ਪਟਵਾਰੀ ਨੇ ਸਵਾਲ ਕੀਤਾ ਹੈ ਕਿ ਕੀ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ 'ਤੇ ਭਰੋਸਾ ਨਹੀਂ ਹੈ? ਕੀ ਮੱਧ ਪ੍ਰਦੇਸ਼ 'ਚ ਨਰਸਿੰਗ ਘਪਲੇ ਨੂੰ ਲੈ ਕੇ ਸੀ.ਬੀ.ਆਈ. ਜਾਂਚ ਸਿਰਫ਼ ਦਿਖਾਵਾ ਹੈ, ਕਿਉਂਕਿ ਜੇਕਰ ਹਰ ਮਾਮਲੇ 'ਚ ਸੀ.ਬੀ.ਆਈ. ਨੂੰ ਸੂਬਾ ਸਰਕਾਰ ਤੋਂ ਹੀ ਮਨਜ਼ੂਰੀ ਲੈਣੀ ਹੈ ਤਾਂ ਫਿਰ ਸੀ.ਬੀ.ਆਈ. ਜਾਂਚ ਦਾ ਮਤਲਬ ਹੀ ਕੀ ਰਹਿ ਗਿਆ? ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਕੀ ਕਿਸੇ ਮੰਤਰੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਇਸ ਤਰੀਕੇ ਦਾ ਫ਼ੈਸਲਾ ਲਿਆ ਗਿਆ ਹੈ? ਸੂਬੇ 'ਚ ਨਰਸਿੰਗ ਘਪਲਾ ਇੰਨੀਂ ਦਿਨੀਂ ਲਗਾਤਾਰ ਚਰਚਾਵਾਂ 'ਚ ਹੈ। ਵਿਰੋਧੀ ਧਿਰ ਇਸ ਮਾਮਲੇ 'ਚ ਲਗਾਤਾਰ ਮੰਤਰੀ ਵਿਸ਼ਵਾਸ ਸਾਰੰਗ (ਸਾਬਕਾ ਮੈਡੀਕਲ ਸਿੱਖਿਆ ਮੰਤਰੀ) ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਜਟ 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਨੂੰ ਦਿੱਤੀ ਐਕਸਪ੍ਰੈੱਸ-ਵੇਅ ਦੀ ਸੌਗਾਤ
NEXT STORY