ਪਣਜੀ–ਕੋਵਿਡ-19 ਸੰਕਟ ਦੌਰਾਨ ਲੋਕ ਆਪਣੇ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਵਲੋਂ ਕੀਤੇ ਗਏ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਲੋਕ ਹੁਣ ਸਰੀਰ ’ਚ ਆ ਰਹੇ ਮਾਮੂਲੀ ਬਦਲਾਅ ਨੂੰ ਲੈ ਕੇ ਵੀ ਵੱਧ ਚੌਕਸ ਹਨ, ਇਥੋਂ ਤੱਕ ਕਿ ਹਲਕੇ ਬੁਖਾਰ, ਖਾਂਸੀ ਅਤੇ ਛਿੱਕਣ ਨੂੰ ਲੈ ਕੇ ਵੀ। ਕੋਵਿਡ-19 ਦੇ ਪ੍ਰਕੋਪ ਨੂੰ ਲੈ ਕੇ ਲੋਕਾਂ ਦੀ ਚਿੰਤਾ, ਉਨ੍ਹਾਂ ਦੇ ਇਸ ਨਾਲ ਨਜਿੱਠਣ ਦੇ ਤਰੀਕੇ ਅਤੇ ਮਨੋਵਿਗਿਆਨੀ ਪ੍ਰਤੀਕਿਰਿਆ ਦੇ ਸੰਬਧ ’ਚ ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਦੀ ਡਾਕਟਰ ਦਿਵਿਆ ਸਿੰਘਲ ਅਤੇ ਪ੍ਰੋਫੈਸਰ ਪਦਨਾਭਨ ਵਿਜਯਰਾਘਵਨ ਨੇ ਇਕ ਅਧਿਐਨ ਕੀਤਾ। ਇਸ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਹਿਣ ਵਾਲੇ 231 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਿੰਘਲ ਨੇ ਕਿਹਾ ਕਿ ਕਰੀਬ 82.25 ਫੀਸਦੀ ਲੋਕ ਆਪਣੇ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਕਿਹਾ ਕਿ ਜਿਆਦਾਤਰ ਲੋਕ ਹੁਣ ਸਰੀਰ ’ਚ ਆਉਣ ਵਾਲੇ ਬਦਲਾਅ ਨੂੰ ਲੈ ਕੇ ਵੱਧ ਚੌਕਸ ਹੋ ਗਏ ਹਨ, ਜਿਵੇਂ ਮਾਮੂਲੀ ਜੁਕਾਮ, ਖੰਘ, ਛਿੱਕਣਾ ਅਤੇ ਉਹ ਜੋ ਕਿ ਕੋਵਿਡ-19 ਦੇ ਲੱਛਣ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 50 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਵੱਧ ਸਮਾਂ ਬਿਤਾਉਣ ਦੇ ਨਾਲ ਹੀ ਆਨਲਾਈਨ ਮੰਚਾਂ ’ਤੇ ਫਿਲਮਾਂ ਵੀ ਵੱਧ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਗੱਲ ’ਤੇ ਵੀ ਸਹਿਮਤ ਹੋਏ ਕਿ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ’ਚ ਰਹਿਣ ਕਾਰਣ ਉਨ੍ਹਾਂ ਦਾ ਟੈਕਨਾਨੌਜੀ ਦਾ ਇਸਤੇਮਾਲ ਵੀ ਵੱਧ ਗਿਆ ਹੈ।
ਅਧਿਐਨ ’ਚ ਇਹ ਵੀ ਸਾਹਮਣੇ ਆਇਆ ਕਿ ਕਈ ਲੋਕਾਂ ਨੂੰ ਖਤਰਨਾਕ ਬੀਮਾਰੀ ਦੇ ਸੰਦੇਸ਼ ਪੜ੍ਹਨਾ ਵੀ ਕਾਫੀ ਨਿਰਾਸ਼ਾਜਨਕ ਲਗਦਾ ਹੈ। ਅਧਿਐਨ ’ਚ ਇਹ ਵੀ ਦੇਖਿਆ ਗਿਆ ਕਿ ਇਨ੍ਹਾਂ ’ਚੋਂ 41 ਫੀਸਦੀ ਲੋਕ ਲਾਕਡਾਊਨ ਦੌਰਾਨ ਯੋਗਾ ਅਤੇ ਕਸਰਤ ਵਰਗੀ ਕੋਈ ਸਰੀਰਿਕ ਸਰਗਰਮੀ ਨਹੀਂ ਕਰ ਰਹੇ ਹਨ। ਇਸ ਅਧਿਐਨ ’ਚ ਹਿੱਸਾ ਲੈਣ ਵਾਲੇ 231 ਲੋਕਾਂ ’ਚੋਂ 145 ਮਰਦ ਅਤੇ 86 ਔਰਤਾਂ ਸਨ, ਜਿਨ੍ਹਾਂ ’ਚੋਂ ਸਾਰਿਆਂ ਦੀ ਉਮਰ 18 ਅਤੇ ਉਸ ਤੋਂ ਵੱਧ ਸੀ।
ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ ਲਈ ਊਧਵ ਠਾਕਰੇ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY