ਨਵੀਂ ਦਿੱਲੀ (ਵਾਰਤਾ)— ਦਿੱਲੀ ਵਿਚ ਸੋਮਵਾਰ ਭਾਵ ਅੱਜ ਤੋਂ ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ, ਜੋ ਕਿ 17 ਮਈ ਤੱਕ ਲਾਗੂ ਰਹੇਗਾ। ਸਰਕਾਰ ਨੇ ਇਸ ਦੌਰਾਨ ਕੁਝ ਰਿਆਇਤਾਂ ਦਿੱਤੀਆਂ ਹਨ, ਜਿਸ ਦੇ ਤਹਿਤ ਰਿਹਾਇਸ਼ੀ ਇਲਾਕਿਆਂ 'ਚ ਸ਼ਰਾਬ ਦੇ ਠੇਕੇ, ਪਾਨ, ਗੁਟਖਾ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਾਲ ਹੀ ਸਾਰੇ ਸਰਕਾਰੀ ਦਫਤਰ ਖੁੱਲ੍ਹੇ ਰਹਿਣਗੇ। ਜਦਕਿ ਮੈਟਰੋ, ਬੱਸ, ਸਕੂਲ, ਕਾਲਜ, ਧਾਰਮਿਕ ਥਾਵਾਂ ਸੈਲੂਨ, ਜਿਮ ਅਤੇ ਹੋਟਲ-ਰੈਸਟੋਰੈਂਟ ਬੰਦ ਰਹਿਣਗੇ।

ਰਾਜਧਾਨੀ 'ਚ ਹਾਲਾਂਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਖੁੱਲ੍ਹਣ ਦਾ ਸਮਾਂ 10 ਵਜੇ ਤੈਅ ਕੀਤਾ ਗਿਆ ਹੈ ਪਰ ਦੁਕਾਨਾਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਭੀੜ ਇਕੱਠੀ ਹੋ ਗਈ। ਸ਼ਰਾਬ ਦੀਆਂ ਦੁਕਾਨਾਂ/ਠੇਕਿਆਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆਈ। ਦੇਸ਼ ਭਰ 'ਚ ਕੇਂਦਰ ਸਰਕਾਰ ਦੀ ਆਗਿਆ ਨਾਲ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਫ ਨਿਰਦੇਸ਼ ਦਿੱਤੇ ਹਨ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਪੂਰਾ ਖਿਆਲ ਰੱਖਿਆ ਜਾਵੇ। ਕੋਸ਼ਿਸ਼ ਇਹ ਹੈ ਕਿ ਸ਼ਰਾਬ ਦੀਆਂ ਦੁਕਾਨਾਂ 'ਤੇ ਆਉਣ ਵਾਲੇ ਲੋਕ ਕੋਰੋਨਾ ਮਹਾਂਮਾਰੀ ਤੋਂ ਬਚੇ ਰਹਿਣ।

ਦਿੱਲੀ ਵਿਚ ਸਾਰੇ ਜ਼ਿਲੇ ਰੈੱਡ ਜ਼ੋਨ 'ਚ ਹਨ, ਇਸ ਦੇ ਬਾਵਜੂਦ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਦੁਕਾਨਾਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਲੋਕਾਂ ਨੂੰ ਦੂਰ-ਦੂਰ ਖੜ੍ਹੇ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਜ਼ਮੀਨ 'ਤੇ ਚਾਕ ਨਾਲ ਘੇਰੇ ਵੀ ਬਣਾਏ ਗਏ ਹਨ, ਤਾਂ ਕਿ ਸੋਸ਼ਲ ਡਿਸਟੈਂਸਿੰਗ ਬਣੀ ਰਹੇ। ਰਾਜਧਾਨੀ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਦੁਕਾਨਾਂ, ਰਿਹਾਇਸ਼ੀ ਇਲਾਕਿਆਂ ਵਿਚ ਪਾਨ, ਗੁਟਖਾ, ਜ਼ਰੂਰੀ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਵੀ ਆਪਣੀ ਸਪਲਾਈ ਲੜੀ, ਆਈ. ਟੀ. ਹਾਰਡਵੇਅਰ, ਈ-ਕਾਮਰਸ 'ਚ ਜ਼ਰੂਰੀ ਸੇਵਾਵਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਕਨਾਟ ਪਲੇਸ, ਮਾਲ ਅਤੇ ਬਜ਼ਾਰ ਬੰਦ ਰਹਿਣਗੇ ਪਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੇ ਤੀਜੇ ਪੜਾਅ 'ਚ ਪੂਰੇ ਦੇਸ਼ ਨੂੰ 3 ਸ਼੍ਰੇਣੀਆਂ— ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ 'ਚ ਵੰਡਿਆ ਹੈ। ਦਿੱਲੀ ਦੇ ਸਾਰੇ 11 ਜ਼ਿਲਿਆਂ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ, ਕਿਉਂਕਿ ਇੱਥੇ ਕੋਰੋਨਾ ਦੇ ਕੇਸ ਵਧੇਰੇ ਹਨ।
ਇਸ ਵਿਭਾਗ 'ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ 'ਚ ਮਿਲੇਗੀ ਤਨਖਾਹ
NEXT STORY