ਨੈਸ਼ਨਲ ਡੈਸਕ- ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ 'ਰਾਸ਼ਟਰੀ ਪ੍ਰਰਣਾ ਸਥਲ' ਦਾ ਉਦਘਾਟਨ ਕੀਤਾ ਸੀ, ਜਿਸ ਤੋਂ ਬਾਅਦ ਇਲਾਕੇ ਤੋਂ ਕੁਝ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਕਿ ਦੇਖਣ ਵਾਲੇ ਦੰਗ ਰਹਿ ਗਏ ਹਨ।
'ਰਾਸ਼ਟਰੀ ਪ੍ਰੇਰਣਾ ਸਥਲ' ਦੇ ਉਦਘਾਟਨ ਤੋਂ ਬਾਅਦ ਉੱਥੋਂ ਦੇ ਗਮਲੇ ਚੋਰੀ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿੱਚ ਬਣੀ ਇਸ ਯਾਦਗਾਰ ਦਾ ਉਦਘਾਟਨ ਕੀਤਾ ਸੀ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਏ ਸਨ।
ਪ੍ਰੋਗਰਾਮ ਖਤਮ ਹੋਣ ਅਤੇ ਪ੍ਰਧਾਨ ਮੰਤਰੀ ਦੇ ਰਵਾਨਾ ਹੋਣ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਕੁਝ ਲੋਕ ਸੜਕਾਂ ਅਤੇ ਗ੍ਰੀਨ ਕੋਰੀਡੋਰ ਦੀ ਸਜਾਵਟ ਲਈ ਰੱਖੇ ਗਏ ਹਜ਼ਾਰਾਂ ਗਮਲਿਆਂ ਨੂੰ ਚੁੱਕ ਕੇ ਰਫੂ-ਚੱਕਰ ਹੋ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਲੋਕਾਂ ਨੂੰ ਗਮਲੇ ਆਪਣੀਆਂ ਕਾਰਾਂ ਅਤੇ ਸਕੂਟਰੀਆਂ ਵਿੱਚ ਲੱਦ ਕੇ ਲੈ ਜਾਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਬਣਾਉਣ ਵਾਲੇ ਕਈ ਵਿਅਕਤੀਆਂ ਨੇ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਨਾ ਰੁਕੇ।
ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰੀ ਕਰਦੇ ਸਮੇਂ ਟੋਕਣ 'ਤੇ ਵੀ ਕਈ ਲੋਕ ਸ਼ਰਮਿੰਦਾ ਹੋਣ ਦੀ ਬਜਾਏ ਮੁਸਕਰਾਉਂਦੇ ਹੋਏ ਗਮਲੇ ਚੁੱਕ ਕੇ ਲੈ ਗਏ। ਇੰਟਰਨੈੱਟ 'ਤੇ ਲੋਕ ਇਸ ਘਟਨਾ ਦੀ ਸਖ਼ਤ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਰੋੜਾਂ ਰੁਪਏ ਖਰਚ ਕਰਦਾ ਹੈ, ਪਰ ਕੁਝ ਲੋਕਾਂ ਦੀ ਅਜਿਹੀ ਹਰਕਤ ਪੂਰੇ ਸ਼ਹਿਰ ਦੀ ਛਵੀ ਨੂੰ ਖਰਾਬ ਕਰਦੀ ਹੈ। ਇਸ ਯਾਦਗਾਰ ਨੂੰ ਸਜਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਫੁੱਲ ਅਤੇ ਸਜਾਵਟੀ ਗਮਲੇ ਲਗਾਏ ਗਏ ਸਨ, ਪਰ ਪ੍ਰੋਗਰਾਮ ਦੇ ਤੁਰੰਤ ਬਾਅਦ ਹੋਈ ਇਸ ਲੁੱਟ ਨੇ ਪ੍ਰਬੰਧਾਂ ਅਤੇ ਲੋਕਾਂ ਦੀ ਮਾਨਸਿਕਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਾਹਿਰਾਂ ਨੇ ਚੇਤਾਵਨੀ: COVID-19 ਤੋਂ ਬਾਅਦ ਹਵਾ ਪ੍ਰਦੂਸ਼ਣ ਭਾਰਤ ਦਾ ਸਭ ਤੋਂ ਵੱਡਾ ਸਿਹਤ ਸੰਕਟ
NEXT STORY