ਯਾਦਗਿਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਕੋਡੇਕਲ ਵਿਖੇ ਸਿੰਚਾਈ, ਪੀਣ ਵਾਲੇ ਪਾਣੀ ਅਤੇ ਰਾਸ਼ਟਰੀ ਹਾਈਵੇਅ ਵਿਕਾਸ ਪ੍ਰਾਜੈਕਟ ਨਾਲ ਸਬੰਧਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਕਰਨਾਟਕ 'ਚ ਇਸ ਮਹੀਨੇ ਪ੍ਰਧਾਨ ਮੰਤਰੀ ਦਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕਰਨ ਲਈ ਹੁਬਲੀ ਆਏ ਸਨ ਅਤੇ ਇਸ ਦੌਰਾਨ ਰੋਡ ਸ਼ੋਅ ਵੀ ਕੀਤਾ। ਸੱਤਾਧਾਰੀ ਭਾਜਪਾ ਕਰਨਾਟਕ 'ਚ ਮਈ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਹੈ ਅਤੇ ਉਸ ਨੇ ਕੁੱਲ 224 ਵਿਚੋਂ ਘੱਟੋ-ਘੱਟ 150 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ।
ਅਜਿਹੇ 'ਚ ਪ੍ਰਧਾਨ ਮੰਤਰੀ ਦਾ ਇਹ ਦੌਰਾ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗਿਰੀ ਬਹੁ-ਪਿੰਡ ਪੀਣ ਵਾਲੇ ਪਾਣੀ ਦੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ, ਜੋ ਸਾਰੇ ਘਰਾਂ ਨੂੰ ਟੂਟੀ ਦੇ ਪਾਣੀ ਦੀ ਸਪਲਾਈ ਰਾਹੀਂ ਸਾਫ਼ ਪਾਣੀ ਪ੍ਰਦਾਨ ਕਰਨ ਦੇ ਆਪਣੇ ਵਿਜ਼ਨ ਦੇ ਅਨੁਸਾਰ ਹੈ। ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਭਗਵੰਤ ਖੂਬਾ ਸਮੇਤ ਕਈ ਆਗੂ ਮੌਜੂਦ ਸਨ। ਇਸ ਸਕੀਮ ਤਹਿਤ 117 MLD ਦਾ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। 2,050 ਕਰੋੜ ਰੁਪਏ ਦਾ ਇਹ ਪ੍ਰਜੈਕਟ ਯਾਦਗਿਰੀ ਜ਼ਿਲ੍ਹੇ ਦੇ 700 ਤੋਂ ਵੱਧ ਪੇਂਡੂ ਬਸਤੀਆਂ ਅਤੇ ਤਿੰਨ ਕਸਬਿਆਂ ਵਿਚ ਲਗਭਗ 2.3 ਲੱਖ ਘਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗਾ।
ਪ੍ਰਧਾਨ ਮੰਤਰੀ ਨੇ ਨਾਰਾਇਣਪੁਰ ਲੈਫਟ ਬੈਂਕ ਨਹਿਰ-ਵਿਸਥਾਰ ਨਵੀਨੀਕਰਨ ਅਤੇ ਆਧੁਨਿਕੀਕਰਨ ਪ੍ਰਾਜੈਕਟ (NLBC-ERM) ਦਾ ਉਦਘਾਟਨ ਵੀ ਕੀਤਾ। 10,000 ਕਿਊਸਿਕ ਦੀ ਨਹਿਰ ਦੀ ਸਮਰੱਥਾ ਵਾਲਾ ਇਹ ਪ੍ਰਾਜੈਕਟ 4.5 ਲੱਖ ਹੈਕਟੇਅਰ ਕਮਾਂਡ ਖੇਤਰ ਦੀ ਸਿੰਚਾਈ ਕਰ ਸਕਦਾ ਹੈ ਅਤੇ ਕਲਬੁਰਗੀ, ਯਾਦਗਿਰੀ ਅਤੇ ਵਿਜੈਪੁਰ ਜ਼ਿਲ੍ਹਿਆਂ ਦੇ 560 ਪਿੰਡਾਂ ਦੇ ਤਿੰਨ ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਏਗਾ। ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 4,700 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਹਾਈਵੇਅ-150 ਸੀ ਦੇ 65.5 ਕਿਲੋਮੀਟਰ ਲੰਬੇ ਹਿੱਸੇ ਦਾ ਨੀਂਹ ਪੱਥਰ ਵੀ ਰੱਖਿਆ। ਇਹ 6 ਮਾਰਗੀ ਗ੍ਰੀਨਫੀਲਡ ਰੋਡ ਪ੍ਰਾਜੈਕਟ ਸੂਰਤ-ਚੇਨਈ ਐਕਸਪ੍ਰੈਸਵੇ ਦਾ ਇੱਕ ਹਿੱਸਾ ਹੈ। ਇਸ ਨੂੰ ਬਣਾਉਣ 'ਚ ਕਰੀਬ 2,000 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ।
ਮਾਪੇ ਹੋ ਜਾਣ ਸਾਵਧਾਨ! ਆਨਲਾਈਨ ਮੰਚਾਂ 'ਤੇ ਬੱਚਿਆਂ ਨੂੰ ਫਸਾਉਣ ਲਈ ਜਾਲ ਵਿਛਾ ਰਹੇ ਅਜਨਬੀ
NEXT STORY